ਕੁਹਾੜਾ ਸਕੂਲ ਵਿੱਚ ਭਗਤ ਪੂਰਨ ਸਿੰਘ ਦਿਵਸ ਮਨਾਇਆ।
ਲੁਧਿਆਣਾ (pbjobsoftoday) 5ਅਗਸਤ
ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸ ਹ ਸ ਕੁਹਾੜਾ ਵਿਖੇ ਭਗਤ ਪੂਰਨ ਸਿੰਘ ਜੀ ਦੀਆਂ ਗਰੀਬਾਂ, ਰੋਗੀਆਂ,ਬੇਸਹਾਰੇ ਲੋਕਾਂ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ ।ਸਕੂਲ ਦੇ ਪੰਜਾਬੀ ਵਿਭਾਗ ਵੱਲੋ ਸ਼ਨੀਵਾਰ ਨੂੰ ਭਗਤ ਪੂਰਨ ਸਿੰਘ ਦਿਨ ਮਨਾਇਆ ਗਿਆ। ਮੁੱਖ ਅਧਿਆਪਕ ਸ਼੍ਰੀ ਨੀਰਜ ਕੁਮਾਰ ਨੇ ਭਗਤ ਪੂਰਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਬਾਰੇ ਅਤੇ ਪਿੰਗਲਵਾੜਾ ਸੰਸਥਾ ਬਾਰੇ ਜਾਣਕਾਰੀ ਦਿੱਤੀ।
ਪੰਜਾਬੀ ਅਧਿਆਪਕ ਮਾਸਟਰ ਪ੍ਰਭਜੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਗਤ ਜੀ ਨੇ ਗੁਰੂ ਭਾਣੇ ਵਿਚ ਰਹਿੰਦਿਆਂ 58ਸਾਲ
ਮਨੁੱਖਤਾ ਦੀ ਸੇਵਾ ਕਰਦਿਆਂ ਆਪਣਾ ਜੀਵਨ ਸਫ਼ਲ ਕਰ ਕੇ 31ਸਾਲ ਪਹਿਲਾਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ।ਭਗਤ ਪੂਰਨ ਸਿੰਘ ਨੂੰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਤੋਂ 4 ਸਾਲ ਦਾ ਇਕ ਅਪੰਗ ਬੱਚਾ ਲਾਵਾਰਸ ਹਾਲਤ ਵਿਚ ਮਿਲਿਆ ਸੀ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਜਦੋਂ ਉਹ ਉਸ ਬੱਚੇ ਨੂੰ ਅੰਮ੍ਰਿਤਸਰ ਲਿਆਕੇ ਸਾਂਭਣ ਲੱਗੇ ਤਾਂ ਇਥੋਂ ਹੀ ਪਿੰਗਲਵਾੜਾ ਸੰਸਥਾ ਦਾ ਮੁੱਢ ਬੱਝਾ। ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਹਿ ਕੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਗਰੂਕ ਕਰਦਿਆਂ 58 ਸਾਲ ਪਾਗਲਾਂ, ਅਪਾਹਜਾਂ, ਲਵਾਰਸਾਂ, ਬਿਮਾਰਾਂ ਦੀ ਸੇਵਾ ਕਰਕੇ 5 ਅਗਸਤ 1992 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਰੂਪੀ ਲਾਇਆ ਬੂਟਾ ਫੁਲਵਾੜੀ ਬਣ ਕੇ ਜਿਥੇ ਭਗਤ ਜੀ ਵਾਂਗ ਪਾਗਲਾਂ, ਅਪਾਹਜਾਂ, ਲਵਾਰਸਾਂ, ਬਿਮਾਰਾਂ, ਬੇਆਸਰਿਆਂ ਦਾ ਆਸਰਾ ਬਣ ਕੇ ਸੇਵਾ ਕਰ ਰਿਹਾ ਹੈ, ਉਥੇ ਮਨੁੱਖਤਾ ਨੂੰ ਸੇਧ ਦੇਣ ਲਈ ਵੀ ਉਹ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਪਿੰਗਲਵਾੜਾ ਸੰਸਥਾ ਵਲੋਂ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਅਨੇਕਾਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਸਾਂਭ ਸੰਭਾਲ, ਉਨ੍ਹਾਂ ਦਾ ਇਲਾਜ, ਖਾਣ-ਪਾਣ ਤੋਂ ਰਹਿਣ-ਸਹਿਣ ਦੀ ਵਿਵਸਥਾ ਬਹੁਤ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।ਸ੍ਰੀ ਸੇਵਕ ਸੋਨੀ ਪੰਜਾਬੀ ਮਾਸਟਰ ਨੇ ਬੱਚਿਆਂ ਨੂੰ ਕਿਹਾ ਕਿ ਉਹ ਲਾਇਬ੍ਰੇਰੀ ਵਿਚੋਂ ਉਪਲਬਧ ਕਿਤਾਬਾਂ ਚੋਂ ਜਰੂਰ ਭਗਤ ਪੂਰਨ ਸਿੰਘ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ। ਬੱਚਿਆਂ ਨੇ ਭਗਤ ਪੂਰਨ ਸਿੰਘ ਜੀ ਬਾਰੇ ਕਿਤਾਬਾਂ ਪੜ੍ਹੀਆਂ। ਉਹਨਾਂ ਨੇ ਭਗਤ ਜੀ ਦੇ ਜੀਵਨ ਨੂੰ ਬੜੇ ਧਿਆਨ ਨਾਲ ਸੁਣਿਆ।