MOHALI NEWS: ਭਾਰੀ ਬਾਰਸ਼ ਮਗਰੋਂ,ਕਰੀਬ 95 ਫੀਸਦੀ ਬਿਜਲੀ ਸਪਲਾਈ ਬਹਾਲ

 ਡੀ ਸੀ ਆਸ਼ਿਕਾ ਜੈਨ ਨੇ ਹੜ੍ਹਾਂ ਤੋਂ ਬਾਅਦ ਜ਼ਰੂਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ

32 ਵਾਟਰ ਸਪਲਾਈਆਂ ਵਿੱਚੋਂ 27 ਕਾਰਜਸ਼ੀਲ ਹੋਈਆਂ 

 ਕਰੀਬ 95 ਫੀਸਦੀ ਬਿਜਲੀ ਸਪਲਾਈ ਬਹਾਲ ਹੋਈ

ਪਾਣੀ ਕਾਰਨ ਨੁਕਸਾਨੀਆਂ ਗਈਆਂ 7 ਸੜਕਾਂ ਦੀ ਮੁਰੰਮਤ ਕਰਨ ਤੋਂ ਪਹਿਲਾਂ ਭਵਿੱਖ ਵਾਸਤੇ ਬਰਸਾਤੀ ਪਾਣੀ ਦੇ ਲਾਂਘੇ ਨੂੰ ਯਕੀਨੀ ਬਣਾਇਆ ਜਾਵੇ


ਐਸ.ਏ.ਐਸ.ਨਗਰ, 12 ਜੁਲਾਈ, 2023:

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਭਾਰੀ  ਬਾਰਸ਼ ਮਗਰੋਂ ਪ੍ਰਭਾਵਿਤ ਹੋਈਆਂ ਬਿਜਲੀ, ਜਲ ਸਪਲਾਈ ਅਤੇ ਸੜਕੀ ਸੰਪਰਕ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਬਹਾਲੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਹੁਣ ਤੱਕ 95 ਫੀਸਦੀ ਬਿਜਲੀ ਸਪਲਾਈ ਮੁੜ ਸ਼ੁਰੂ ਹੋ ਚੁੱਕੀ ਹੈ।



           ਇਨ੍ਹਾਂ ਸੇਵਾਵਾਂ ਨਾਲ ਸਬੰਧਤ ਵਿਭਾਗਾਂ ਵੱਲੋਂ ਹੜ੍ਹਾਂ ਤੋਂ ਬਾਅਦ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹੜ੍ਹਾਂ ਕਾਰਨ ਕਰੀਬ 32 ਜਲ ਸਪਲਾਈ ਘਰ ਬੰਦ ਹੋਣ ਦੀ ਸੂਚਨਾ ਮਿਲੀ ਸੀ, ਜਿਨ੍ਹਾਂ ਵਿੱਚੋਂ ਹੁਣ 27 ਨੂੰ ਚਾਲੂ ਕਰ ਦਿੱਤਾ ਗਿਆ ਹੈ ਜਦਕਿ ਬਾਕੀ ਪੰਜ ਕੱਲ ਸ਼ਾਮ ਤੱਕ ਕੰਮ ਸ਼ੁਰੂ ਕਰ ਦੇਣਗੇ।  .

      ਇਸ ਤੋਂ ਇਲਾਵਾ ਪਾਣੀ ਦੇ ਤੇਜ਼ ਵਹਾਅ ਚ ਨੁਕਸਾਨੀਆਂ ਗਈਆਂ ਸੱਤ ਪ੍ਰਮੁੱਖ ਸੜਕਾਂ ਤੇ ਹਾਲਾਂ ਕੰਮ ਸ਼ੁਰੂ ਕੀਤਾ ਜਾਣਾ ਹੈ।  ਉਨ੍ਹਾਂ ਕਿਹਾ ਕਿ ਪੀ.ਡਬਲਯੂ.ਡੀ ਵਿਭਾਗ ਪਾਣੀ ਦੇ ਘੱਟਦੇ ਹੀ ਇਨ੍ਹਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਟਿੰਗ ਵਿੱਚ ਹਾਜ਼ਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਸੜਕਾਂ ਦੀ ਆਵਾਜਾਈ ਬਹਾਲੀ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਚੱਪੜਚਿੜੀ ਕਲਾਂ ਤੋਂ ਸੈਕਟਰ 91, ਖਰੜ-ਚੰਡੀਗੜ੍ਹ ਰੋਡ ਤੋਂ ਬੜਮਾਜਰਾ, ਕੰਬਾਲਾ ਰੁੜਕਾ, ਧਰਮਗੜ੍ਹ ਤੋਂ ਕੰਡਿਆਲਾ, ਕਰੌਂਦੀਵਾਲਾ-ਬਗਿੰਦੀ, ਮੀਆਂਪੁਰ ਚੰਗਰ, ਮੀਆਂਪੁਰ ਤੋਂ ਤਾਰਾਪੁਰ ਅਤੇ ਬਨੂੜ-ਪੇਤਲਾ ਰੋਡ ਤੋਂ ਲਹਿਲੀ ਨੂੰ ਜਾਣ  ਵਾਲੀਆਂ ਸੜ੍ਹਕਾਂ ਸ਼ਾਮਲ ਹਨ।  

       ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਨੂੰ ਕਿਹਾ ਕਿ ਉਹ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ, ਜਿਸ ਨਾਲ ਭਵਿੱਖ ਵਿੱਚ ਸੜਕ ਦਾ ਨੁਕਸਾਨ/ਪਾੜ ਪੈਣਾ ਰੁੱਕ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤੀ ਨਾਲਿਆਂ/ਚੋਅ ਦੇ ਕੁਦਰਤੀ ਵਹਿਣ ਅਲੋਪ ਹੋ ਗਏ ਹਨ ਅਤੇ ਹੜ੍ਹ ਦੇ ਪਾਣੀ ਨੇ ਕੁਦਰਤੀ ਤੌਰ 'ਤੇ ਇਸ ਵਹਾਅ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਲਈ ਸਾਨੂੰ ਕੁਦਰਤੀ ਵਹਾਅ ਨੂੰ ਮੁੜ ਸੁਰਜੀਤ ਕਰਨ ਦੇ ਭਵਿੱਖ ਦੇ ਸੜ੍ਹਕ ਨਿਰਮਾਣ ਵਿੱਚ ਵੀ ਧਿਆਨ ਰੱਖਣਾ ਚਾਹੀਦਾ ਹੈ।

      ਉਨ੍ਹਾਂ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਲਿੰਕ ਸੜਕਾਂ 'ਤੇ ਹੜ੍ਹਾਂ ਦੇ ਪਾਣੀ ਦੇ ਵਹਾਅ ਦੌਰਾਨ ਪਾੜ ਪੈ ਗਏ ਹਨ, ਉਨ੍ਹਾਂ ਦੀ ਮਨਰੇਗਾ ਫੰਡਾਂ ਨਾਲ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਨੁਕਸਾਨੀਆਂ ਸੜ੍ਹਕਾਂ ਦੀ ਮੁਰੰਮਤ ਕਰਦੇ ਸਮੇਂ ਪਾਣੀ ਦੇ ਨਿਕਾਸ ਲਈ ਪਾਈਪਾਂ ਲਗਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਬਰਸਾਤ ਦੇ ਪਾਣੀ ਦੇ  ਨਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।

       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਾਸਤੇ ਹੜ੍ਹਾਂ ਤੋਂ ਬਾਅਦ ਦੇ ਰਾਹਤ ਉਪਾਵਾਂ ਤਹਿਤ ਸਟੇਟ ਆਫ਼ਤ ਰਾਹਤ ਫੰਡ ਵਿੱਚੋਂ ਇੱਕ ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਗਏ ਹਨ। ਉਨ੍ਹਾਂ ਸਮੂਹ ਵਿਭਾਗਾਂ ਨੂੰ ਕਿਹਾ ਕਿ ਉਹ ਆਪਣੀਆਂ ਜਾਇਜ਼ ਤੇ ਠੋਸ ਤਜ਼ਵੀਜਾਂ ਤੁਰੰਤ ਭੇਜਣ ਤਾਂ ਜੋ ਫੰਡਾਂ ਦੀ ਸਹੀ ਅਤੇ ਪਾਰਦਰਸ਼ੀ ਵਰਤੋਂ ਕੀਤੀ ਜਾ ਸਕੇ।

       ਮੀਟਿੰਗ ਵਿੱਚ ਏ ਡੀ ਸੀ (ਜ) ਪਰਮਦੀਪ ਸਿੰਘ, ਏ ਡੀ ਸੀ (ਪੇਂਡੂ ਵਿਕਾਸ) ਅਮਿਤ ਬੈਂਬੀ, ਨਿਗਰਾਨ ਇੰਜਨੀਅਰ ਪੀ ਐਸ ਪੀ ਸੀ ਐਲ ਸਤਵਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸੁਗੰਧ ਸੰਧੂ ਅਤੇ ਸ਼ਿਵਪ੍ਰੀਤ ਸਿੰਘ, ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਮਨਦੀਪ ਸਿੰਘ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends