*ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਅੱਗੇ ਆਏ*
*- ਖੁਦ ਟਰੈਕਟਰ ਚਲਾ ਕੇ ਰਾਹਤ ਕਾਰਜ਼ਾਂ ਦੀ ਕਮਾਨ ਸੰਭਾਲੀ*
ਖੰਨਾ, 12 ਜੁਲਾਈ (000) ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਆਪਣੀ ਟੀਮ ਅਤੇ ਪ੍ਰਸ਼ਾਸਨ ਸਮੇਤ ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਹਲਕਾ ਖੰਨਾ ਦੇ ਵੱਖ-ਵੱਖ ਇਲਾਕਿਆਂ 'ਚ ਪਾਣੀ ਭਰਨ ਦੀ ਸੂਚਨਾ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਸਥਿਤੀ ਨੂੰ ਸੰਭਾਲਣ ਦੀ ਕਮਾਨ ਸੰਭਾਲੀ ਹੈ, ਉਹ ਆਪਣੇ ਆਪ 'ਚ ਸ਼ਲਾਘਾਯੋਗ ਹੈ, ਜਿਸ ਦੀ ਚਰਚਾ ਹਲਕਾ ਖੰਨਾ 'ਚ ਵੀ ਲਗਾਤਾਰ ਹੋ ਰਹੀ ਹੈ।
ਹਲਕਾ ਖੰਨਾ ਅਧੀਨ ਪੈਂਦੇ ਦਰਜਨਾਂ ਪਿੰਡਾਂ ਵਿੱਚ ਸੇਮ ਦੀ ਨਿਕਾਸੀ ਲਈ ਜਿੱਥੇ ਵਿਧਾਇਕ ਸੌਂਦ ਨੇ ਖੁਦ ਆਪਣੀ ਟੀਮ ਅਤੇ ਅਧਿਕਾਰੀਆਂ ਸਮੇਤ ਟਰੈਕਟਰ ਚਲਾ ਕੇ ਆਪਣੀ ਟੀਮ ਅਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਤੇ ਡਟੇ ਰਹੇ ਉੱਥੇ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਵਿਧਾਇਕ ਸੌਂਦ ਵਲੋਂ ਰੇਲਵੇ ਲਾਈਨ ਦੇ ਨਾਲ ਲੱਗਦੀ ਪਸ਼ੂ ਮੰਡੀ ਵਿੱਚ ਸੇਮ ਦੀ ਨਿਕਾਸੀ ਲਈ ਸੈਂਕੜੇ ਫੁੱਟ ਲੰਬੀ ਟ੍ਰੈਂਚ ਦੀ ਪੁੱਟਾਈ ਕਰਨ ਤੋਂ ਬਾਅਦ ਗੈਬ ਦੀ ਪੁਲੀ ਰਾਹੀਂ ਉਥੋਂ ਪਾਣੀ ਕੱਢਣ ਦਾ ਫੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਇਲਾਕੇ ਵਿੱਚ ਸੇਮ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ।
ਗੈਬ ਦੀ ਪੁਲੀ ਨੂੰ ਖੋਲ੍ਹਣ ਦੇ ਫੈਸਲੇ ਤੋਂ ਬਾਅਦ, ਖੰਨਾ ਦੇ ਪਿੰਡਾਂ ਭਾਦਲਾ, ਅਲੌੜ, ਬੂਥਗੜ੍ਹ, ਰਤਨਹੇੜੀ, ਅਜਨੇਰ ਕੋਟਲਾ, ਸੈਦਪੁਰਾ, ਇਸਮਾਈਲਪੁਰ, ਅਲੀਪੁਰ, ਲਲਹੇੜੀ, ਰਹੌਣ, ਮਾਣਕਮਾਜਰਾ, ਸਾਹਿਬਪੁਰਾ ਆਦਿ ਵਿੱਚੋਂ ਹੜ੍ਹ ਦੇ ਪਾਣੀ ਦੀ ਨਿਕਾਸੀ ਦਾ ਰਾਹ ਪੱਧਰਾ ਹੋ ਗਿਆ। ਇਸ ਦੌਰਾਨ ਵਿਧਾਇਕ ਖੁਦ ਆਪਣੀ ਟੀਮ ਸਮੇਤ ਟਰੈਕਟਰ ਰਾਹੀਂ ਕਈ ਸੇਮਗ੍ਰਸਤ ਇਲਾਕਿਆਂ ਵਿੱਚ ਪੁੱਜੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਥਿਤੀ ਤੋਂ ਬਿਲਕੁਲ ਵੀ ਨਾ ਘਬਰਾਉਣ ਦਾ ਭਰੋਸਾ ਦਿੱਤਾ।
ਇਸੇ ਕੜੀ ਤਹਿਤ ਵਿਧਾਇਕ ਸੌਂਦ ਖੰਨਾ ਦੇ ਨਾਲ ਲੱਗਦੇ ਪਿੰਡ ਅਲੌੜ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਆਪਣੀ ਟੀਮ ਸਮੇਤ ਟਰੈਕਟਰ 'ਤੇ ਜਾ ਕੇ ਲੋਕਾਂ ਦੇ ਘਰਾਂ ਤੱਕ ਖਾਣਾ ਪਹੁੰਚਾਇਆ। ਵਿਧਾਇਕ ਸੌਂਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਅਤੇ ਅਫਵਾਹਾਂ 'ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ। ਪ੍ਰਸ਼ਾਸਨ ਅਤੇ ਸਰਕਾਰ ਸਾਰੀ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਹ ਖੁਦ ਇਸ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਵਿਧਾਇਕ ਸੌਂਦ ਨੇ ਆਸ ਪ੍ਰਗਟਾਈ ਕਿ ਤਿੰਨ ਦਿਨਾਂ ਬਾਅਦ ਲਗਭਗ ਸਥਿਤੀ ਸੁਖਾਵੀਂ ਹੋ ਜਾਵੇਗੀ। ਵਿਧਾਇਕ ਸੌਂਧ ਨੇ ਇਸ ਸੰਕਟ ਦੀ ਘੜੀ ਵਿੱਚ ਸੰਜਮ ਰੱਖਣ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।