ਜ਼ਿਲ੍ਹਾ ਪ੍ਰਸ਼ਾਸਨ ਦੀ ਚੌਕਸੀ ਅਤੇ ਤੁਰੰਤ ਐਕਸ਼ਨ ਨਾਲ ਪਿਛਲੇ ਦੋ ਹਫ਼ਤਿਆਂ ਦੌਰਾਨ ਦੋ ਵਾਰ ਹੜ੍ਹ ਦਾ ਖ਼ਤਰਾ ਟਲਿਆ

 


ਜ਼ਿਲ੍ਹਾ ਪ੍ਰਸ਼ਾਸਨ ਦੀ ਚੌਕਸੀ ਅਤੇ ਤੁਰੰਤ ਐਕਸ਼ਨ ਨਾਲ ਪਿਛਲੇ ਦੋ ਹਫ਼ਤਿਆਂ ਦੌਰਾਨ ਦੋ ਵਾਰ ਹੜ੍ਹ ਦਾ ਖ਼ਤਰਾ ਟਲਿਆ


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਿਵਲ, ਪੁਲਿਸ ਤੇ ਬੀ.ਐੱਸ.ਐੱਫ਼ ਦੀਆਂ ਟੀਮਾਂ ਨੇ ਬਚਾਅ ਕਾਰਜਾਂ ਵਿੱਚ ਮਿਸਾਲੀ ਕੰਮ ਕੀਤਾ


ਬਰਸਾਤੀ ਸੀਜ਼ਨ ਦੌਰਾਨ ਫਲੱਡ ਕੰਟਰੋਲ ਟੀਮਾਂ ਦੇ ਨਾਲ ਜ਼ਿਲ੍ਹਾ ਵਾਸੀ ਵੀ ਚੌਕਸ ਰਹਿਣ


ਲੋੜ ਪੈਣ ’ਤੇ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਜਾਂ ਟੋਲ ਫਰੀ ਨੰਬਰ 1800-180-1852 ’ਤੇ ਸੰਪਰਕ ਕੀਤਾ ਜਾਵੇ


ਗੁਰਦਾਸਪੁਰ, 21 ਜੁਲਾਈ ( ) - ਪਿਛਲੇ ਦੋ ਹਫ਼ਤਿਆਂ ਦੌਰਾਨ ਦਰਿਆ ਰਾਵੀ ਵਿੱਚ ਦੋ ਵਾਰ ਆਏ ਭਾਰੀ ਪਾਣੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੀਤੇ ਗਏ ਅਗਾਉਂ ਹੜ੍ਹ ਰੋਕੂ ਪ੍ਰਬੰਧਾਂ ਸਦਕਾ ਸਰਹੱਦੀ ਖੇਤਰ ਵਿੱਚ ਹੜ੍ਹਾਂ ਦਾ ਵੱਡਾ ਖ਼ਤਰਾ ਟਲ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਹੰਗਾਮੀ ਸਥਿਤੀ ਵਿੱਚ ਰਾਹਤ ਤੇ ਬਚਾਅ ਕਾਰਜਾਂ ਦੀ ਖੁਦ ਅਗਵਾਈ ਕੀਤੀ ਗਈ ਅਤੇ ਫਲੱਡ ਮੈਨੇਜਮੈਂਟ ਦੀਆਂ ਸਾਰੀਆਂ ਟੀਮ ਨੇ ਇਸ ਆਫ਼ਤ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ।



ਇਸ ਮਹੀਨੇ 8 ਜੁਲਾਈ ਨੂੰ ਪਹਿਲੀ ਵਾਰ ਉੱਜ ਦਰਿਆ ਰਾਹੀਂ 2 ਲੱਖ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਆ ਕੇ ਮਿਲਿਆ ਸੀ, ਜਿਸ ਤੋਂ ਬਾਅਦ ਦਰਿਆ ਰਾਵੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਸੀ। ਇਸੇ ਦਿਨ ਜ਼ਿਲ੍ਹਾ ਗੁਰਦਾਸਪੁਰ ਸਮੇਤ ਪੂਰੇ ਪੰਜਾਬ ਵਿੱਚ ਭਾਰੀ ਬਾਰਸ਼ ਵੀ ਹੋ ਰਹੀ ਸੀ। ਇੱਕ ਭਾਰੀ ਬਰਸਾਤ ਦਾ ਪਾਣੀ ਅਤੇ ਉਪਰੋਂ 2 ਲੱਖ ਕਿਊਸਿਕ ਪਾਣੀ ਉੱਜ ਦਰਿਆ ’ਚੋਂ ਆਉਣ ਕਰਕੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਵੱਧ ਅਤੇ ਨੇੜਲੇ ਖੇਤਰ ਵਿੱਚ ਹਲਾਤ ਨਾਜੁਕ ਬਣ ਗਏ ਸਨ। 


ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਿਵਲ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਬੀ.ਐੱਸ.ਐੱਫ ਦੇ ਸਹਿਯੋਗ ਨਾਲ ਤੁਰੰਤ ਰਾਵੀ ਕਿਨਾਰੇ ਲੋਕਾਂ ਨੂੰ ਚੌਕਸ ਕਰਦਿਆਂ ਉਨ੍ਹਾਂ ਨੂੰ ਪਾਣੀ ਚੜ੍ਹਨ ਤੋਂ ਪਹਿਲਾਂ ਨੀਵੇਂ ਇਲਾਕਿਆਂ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸਦੇ ਨਾਲ ਹੀ ਜਿਥੇ ਕਿਤੇ ਧੁੱਸੀ ਬੰਨ ਨੂੰ ਖੋਰਾ ਲੱਗਣ ਦਾ ਖ਼ਤਰਾ ਸੀ ਉਸਨੂੰ ਠੀਕ ਕੀਤਾ ਗਿਆ। ਇਸਦੇ ਨਾਲ ਹੀ ਭਾਰੀ ਬਰਸਾਤ ਕਾਰਨ ਸ਼ਹਿਰਾਂ ਦੇ ਨੀਵੇਂ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ ਸੀ ਓਥੇ ਵੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਵਰ੍ਹਦੇ ਮੀਂਹ ਵਿੱਚ ਪਾਣੀ ਦੀ ਨਿਕਾਸੀ ਬਹਾਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ।


ਇਸੇ ਹਫ਼ਤੇ 19 ਜੁਲਾਈ ਨੂੰ ਇੱਕ ਵਾਰ ਫਿਰ ਉੱਜ ਦਰਿਆ ਵਿਚੋਂ 2.60 ਲੱਖ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਤੋਂ ਵੀ ਕੁਝ ਪਾਣੀ ਰਾਵੀ ਵਿੱਚ ਆ ਰਿਹਾ ਸੀ ਜਿਸ ਕਰਕੇ ਰਾਵੀ ਵਿੱਚ 3 ਲੱਖ ਕਿਊਸਿਕ ਪਾਣੀ ਦਾ ਵਹਾਅ ਹੋ ਗਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਾਜੁਕ ਸਥਿਤੀ ਨੂੰ ਭਾਂਪਦਿਆਂ ਤੁਰੰਤ ਰਾਵੀ ਦਰਿਆ ਨੇੜੇ ਰਹਿੰਦੀ ਵਸੋਂ ਨੂੰ ਚੌਕਸ ਕਰਦਿਆਂ ਬਚਾਅ ਅਤੇ ਰਾਹਤ ਕਾਰਜ ਅਰੰਭ ਕਰ ਦਿੱਤੇ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਹੜ੍ਹ ਤੋਂ ਪ੍ਰਭਾਵਤ ਹੋਣ ਵਾਲੇ ਹਰ ਪਿੰਡ ਤੱਕ ਤੁਰੰਤ ਪਹੁੰਚ ਕਰਕੇ ਜਰੂਰੀ ਕਦਮ ਚੁੱਕੇ। ਦਰਿਆ ਕੰਢੇ ਵਸੇ ਵੱਡੀ ਗਿਣਤੀ ਵਿੱਚ ਗੁੱਜਰ ਪਰਿਵਾਰਾਂ ਨੂੰ ਉਨ੍ਹਾਂ ਦੇ ਮਾਲ-ਡੰਗਰ ਸਮੇਤ ਸੁਰੱਖਿਅਤ ਬਾਹਰ ਕੱਢਿਆ ਗਿਆ। ਲੋਕਾਂ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਦੇਣ ਦੇ ਨਾਲ ਹੜ੍ਹ ਪ੍ਰਭਾਵਤ ਸਾਰੇ ਖੇਤਰ ਦੀ ਨੇੜੇ ਤੋਂ ਨਿਗਰਾਨੀ ਕੀਤੀ ਗਈ।


ਇਸ ਹੰਗਾਮੀ ਸਥਿਤੀ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਿਮਾ, ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਤਿਆਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਅਰਵਿੰਦ ਕੁਮਾਰ, ਐੱਸ.ਡੀ.ਐੱਮ. ਡੇੇਰਾ ਬਾਬਾ ਨਾਨਕ ਸ੍ਰੀ ਅਸ਼ਵਨੀ ਅਰੋੜਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਮਲਹੋਤਰਾ ਸਮੇਤ ਸਮੂਹ ਅਧਿਕਾਰੀਆਂ ਤੇ ਕਰਮਚਾਰੀ ਵੱਲੋਂ ਦਿਨ-ਰਾਤ ਮਿਹਨਤ ਕਰਕੇ ਹੜ੍ਹ ਦੇ ਖ਼ਤਰੇ ਨੂੰ ਟਾਲਿਆ ਗਿਆ। ਇਸ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਵੀ ਰਾਹਤ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੀ ਸਮੁੱਚੀ ਟੀਮ ਨੂੰ ਹੜ੍ਹ ਰੋਕੂ ਪ੍ਰਬੰਧਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਚਿਰ ਬਰਸਾਤੀ ਸੀਜ਼ਨ ਚੱਲ ਰਿਹਾ ਹੈ ਓਦੋਂ ਤੱਕ ਹੜਾਂ੍ਹ ਦਾ ਖ਼ਤਰਾ ਬਰਕਰਾਰ ਹੈ, ਇਸ ਲਈ ਹੜ੍ਹ ਰੋਕੂ ਪ੍ਰਬੰਧਾਂ ਵਿੱਚ ਲੱਗੀਆਂ ਸਾਰੀਆਂ ਟੀਮਾਂ ਇਸੇ ਤਰ੍ਹਾਂ ਚੌਕਸ ਤੇ ਕੰਮ ਕਰਦੀਆਂ ਰਹਿਣ।


ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਰਿਆਵਾਂ ਦੇ ਨੇੜੇ ਆਪ ਖੁਦ ਅਤੇ ਆਪਣੇ ਪਸ਼ੂਆਂ ਨਾ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਲੈ ਕੇ ਬਿਲਕੁਲ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਨੇੜੇ ਰਹਿੰਦੇ ਲੋਕ ਚੌਕਸ ਰਹਿਣ ਅਤੇ ਜਦੋਂ ਵੀ ਕਿਸੇ ਨੂੰ ਲੋੜ ਮਹਿਸੂਸ ਹੋਵੇ ਉਹ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਜਾਂ ਟੋਲ ਫਰੀ ਨੰਬਰ 1800-180-1852 ’ਤੇ ਸੰਪਰਕ ਕਰ ਸਕਦੇ ਹਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends