ਜ਼ਿਲ੍ਹਾ ਸੰਗਰੂਰ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਵੱਲੋਂ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਉਣ ਦਾ ਵੀਡੀਓ ਸਾਹਮਣੇ ਆਇਆ ਹੈ।
ਵੀਡੀਆ ਤਿੰਨ ਜੁਲਾਈ ਸੋਮਵਾਰ ਦਾ ਹੈ ਜਿਸ ਵਿਚ ਅਧਿਆਪਕਾ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੇ ਪੈਰ ’ਤੇ ਬੰਨ੍ਹੀ ਪੱਟੀ ਦਿਖਾਉਂਦਿਆਂ ਕਹਿ ਰਹੀ ਹੈ, ‘ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਓ ਤੁਸੀਂ ਮੌਜ-ਮਸਤੀ ਕਰਨ ਆਏ ਹੋ ਪਰ ਇਹ ਦੇਖੋ ਪੰਜਾਬ ਸਰਕਾਰ ਨੇ ਸਾਡਾ ਕੀ ਹਾਲ ਕਰ ਦਿੱਤਾ ਹੈ।
ਇਸ ਲਈ ਬੱਚਿਓ ਤੁਹਾਨੂੰ ਵੀ ਵੱਡੇ ਹੋ ਕੇ ਸਰਕਾਰ ਤੋਂ ਲਾਠੀਆਂ ਹੀ ਮਿਲਣਗੀਆਂ ਤੇ ਤੁਸੀਂ ਪੜ੍ਹ-ਲਿਖ ਕੇ ਕਾਬਲ ਬਣੋ, ਤਾਂ ਕਿ ਸਰਕਾਰਾਂ ਤੋਂ ਆਪਣੇ ਹੱਕ ਪ੍ਰਾਪਤ ਕਰ ਸਕੋ।’ ਇਸ ਤੋਂ ਬਾਅਦ ਅਧਿਆਪਕਾ ਨੇ ਬੱਚਿਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਏ।
ਇਸ ਤੋਂ ਬਾਅਦ ਸਿਖਿਆ ਵਿਭਾਗ ਵੱਲੋਂ ਅਧਿਆਪਿਕਾ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਤੇ ਕਿਹਾ ਕਿ "ਸਕੂਲ ਸਮੇਂ ਦੌਰਾਨ ਚਲਦੀ ਕਲਾਸ ਵਿੱਚ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਰਕਾਰ ਵਿਰੋਧੀ ਬਿਆਨਬਾਜੀ / ਨਾਅਰੇਬਾਜੀ ਕਰਦੇ ਹੋਏ ਵਿਦਿਆਰਥੀਆਂ ਨੂੰ ਸਰਕਾਰ ਵਿਰੁੱਧ ਭੜਕਾਇਆ ਹੈ,ਜੋ ਕਿ ਅਤਿ ਨਿੰਦਣਯੋਗ ਅਤੇ ਮੰਦਭਾਗਾ ਹੈ, ਇਸ ਕਾਰਵਾਈ ਨਾਲ ਅਧਿਆਪਿਕਾ ਵੱਲੋਂ ਸਿੱਖਿਆ ਵਿਭਾਗ ਦੇ ਅਕਸ ਨੂੰ ਠੇਸ ਪਹੁੰਚਾਈ ਗਈ ਹੈ।
ਉਪਰੋਕਤ ਪੈਰਾ ਵਿੱਚ ਵਰਣਿਤ ਕੀਤੇ ਕਾਰਨਾਂ ਕਰਕੇ ਅਧਿਆਪਿਕਾ ਦਾ ਕੰਮ ਅਤੇ ਵਤੀਰਾ ਤਸੱਲੀਬਖਸ਼ ਨਾ ਮੰਨਦੇ ਹੋਏ ਅਧਿਆਪਿਕਾ ਦੀਆਂ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਹੈ।
ਨੋਟਿਸ ਰਾਹੀਂ ਕਾਰਨ ਦੱਸਣ ਦਾ ਮੌਕਾ ਦਿੱਤਾ ਗਿਆ ਹੈ, ਜੇਕਰ ਇਸ ਸਬੰਧੀ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ ਤਾਂ ਸਪਸ਼ਟੀਕਰਨ ਇਸ ਨੋਟਿਸ ਦੀ ਪ੍ਰਾਪਤੀ ਦੇ 5ਦਿਨਾਂ ਦੇ ਅੰਦਰ-ਅੰਦਰ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਰਾਹੀਂ ਭੇਜਣ ਲਈ ਕਿਹਾ ਗਿਆ ਹੈ। Read here