*ਸਿੱਖਿਆ ਮੰਤਰੀ ਵੱਲੋਂ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਦਾ ਨਿਪਟਾਰਾ ਕਰਨ ਅਤੇ ਪੜ੍ਹੋ ਪੰਜਾਬ ਟੀਮ ਨੂੰ ਪਿੱਤਰੀ ਸਕੂਲਾਂ ਵਿੱਚ ਭੇਜਣ ਦਾ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਵਾਗਤ*
*ਸੰਘਰਸ਼ਾਂ ਦੌਰਾਨ ਪਿਛਲੀ ਸਰਕਾਰ ਵੱਲੋਂ ਵੱਖ-ਵੱਖ ਥਾਵਾਂ 'ਤੇ ਦਰਜ ਕੀਤੇ ਪੁਲਿਸ ਕੇਸ ਰੱਦ ਕਰਨ ਦੀ ਕੀਤੀ ਮੰਗ*
ਚੰਡੀਗੜ੍ਹ 19 ਅਪ੍ਰੈਲ ( ) ਪਿਛਲੇ ਸਮੇਂ ਵਿੱਚ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ, 8886 ਅਧਿਆਪਕਾਂ ਸਮੇਤ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੀ ਤਨਖਾਹ 'ਤੇ ਪੱਕੇ ਕਰਵਾਉਣ, ਤਰਕਸੰਗਤ ਅਧਿਆਪਕ ਤਬਾਦਲਾ ਨੀਤੀ ਬਣਾਉਣ ਅਤੇ ਅਧਿਆਪਕਾਂ ਦੇ ਅਨੇਕਾਂ ਹੱਕੀ ਮਸਲਿਆਂ ਨੂੰ ਹੱਲ ਕਰਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਕੀਤੇ ਗਏ ਸੰਘਰਸ਼ਾਂ ਸਮੇਂ ਅਧਿਆਪਕ ਆਗੂਆਂ ਦੀ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 800 ਦੇ ਲਗਭਗ ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਝੂਠੇ ਦੋਸ਼ ਲਗਾ ਕੇ ਉਹਨਾਂ ਦੀਆਂ ਵਿਕਟੇਮਾਈਜੇਸ਼ਨਾਂ ਕੀਤੀਆਂ ਗਈਆਂ ਸਨ। ਪਰ ਸਾਂਝਾ ਅਧਿਆਪਕ ਮੋਰਚਾ ਪੰਜਾਬ ਜਿੱਥੇ ਜਨਤਕ ਸਿੱਖਿਆ ਨੂੰ ਬਚਾਉਣ ਅਤੇ ਹੋਰ ਅਧਿਆਪਕ ਮੰਗਾਂ ਦੇ ਹੱਲ ਲਈ ਲਗਾਤਾਰ ਸੰਘਰਸ਼ਸ਼ੀਲ ਰਿਹਾ ਹੈ, ਉੱਥੇ ਵਿਕਟੇਮਾਈਜ਼ ਕੀਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ। ਇਹ ਵੀ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ। ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਬਣਾਈ ਰੱਖਣ ਲਈ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਪੂਰੀ ਤਰ੍ਹਾਂ ਹੱਲ ਨਹੀਂ ਕੀਤੀਆਂ ਸਨ। ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਵਿੱਚ ਮੋਰਚੇ ਵੱਲੋਂ ਲਗਾਤਾਰ ਦਬਾਅ ਬਣਾਈ ਰੱਖਣ ਦੇ ਸਿੱਟੇ ਵਜੋਂ ਅੱਜ ਸਿੱਖਿਆ ਮੰਤਰੀ ਜੀ ਵੱਲੋਂ ਉਨ੍ਹਾਂ ਨਾਲ ਸੰਬੰਧਤ ਸਾਥੀ ਬਲਕਾਰ ਵਲਟੋਹਾ, ਜਰਮਨਜੀਤ ਸਿੰਘ, ਮੰਗਲ ਸਿੰਘ ਟਾਂਡਾ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਊਧਮ ਸਿੰਘ, ਜਸਵਿੰਦਰ ਸਿੰਘ ਔਲਖ, ਦੀਦਾਰ ਮੁੱਦਕੀ, ਰੁਪਿੰਦਰ ਕੌਰ ਆਦਿ ਆਗੂਆਂ ਦੀਆਂ ਅਪੀਲਾਂ ਦੀ ਨਿੱਜੀ ਸੁਣਵਾਈ ਚੰਗੇ ਮਾਹੌਲ ਵਿੱਚ ਕਰਦਿਆਂ ਅਪੀਲਾਂ ਦਾ ਅਧਿਆਪਕ ਪੱਖੀ ਨਿਪਟਾਰਾ ਕੀਤਾ ਗਿਆ ਹੈ। ਰਹਿੰਦੀਆਂ ਅਪੀਲਾਂ ਨੂੰ ਵੀ ਹਮਦਰਦੀ ਨਾਲ ਵਿਚਾਰ ਕੇ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਹਾਜ਼ਰ ਸਨ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਰਵਾਇਤੀ ਪ੍ਰਬੰਧਕੀ ਢਾਂਚੇ ਦੇ ਸਮਾਨੰਤਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੂੰ ਬੰਦ ਕਰਨ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣ ਲਈ ਪ੍ਰੋਜੈਕਟ ਦਾ ਬਾਈਕਾਟ ਤੱਕ ਕੀਤਾ ਗਿਆ ਸੀ। ਸਿੱਖਿਆ ਮੰਤਰੀ ਜੀ ਨਾਲ ਪਿਛਲੀਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਅਨੁਸਾਰ ਅੱਜ ਵਿਭਾਗ ਵੱਲੋਂ ਪ੍ਰਾਇਮਰੀ ਵਿੱਚ ਕੰਮ ਕਰਦੇ ਸਮੂਹ ਜ਼ਿਲ੍ਹਾ ਕੋਆਰਡੀਨੇਟਰ / ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਤੇ ਬੀ ਐਮ ਟੀ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਣ ਦਾ ਪੱਤਰ ਜਾਰੀ ਕੀਤਾ ਗਿਆ ਹੈ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸਮੂਹ ਕਨਵੀਨਰਾਂ ਅਤੇ ਕੋ-ਕਨਵੀਨਰਾਂ ਨੇ ਸਿੱਖਿਆ ਮੰਤਰੀ ਵੱਲੋਂ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਦਾ ਨਿਪਟਾਰਾ ਕਰਨ ਅਤੇ ਪੜ੍ਹੋ ਪੰਜਾਬ ਟੀਮ ਨੂੰ ਪਿੱਤਰੀ ਸਕੂਲਾਂ ਵਿੱਚ ਭੇਜਣ ਦਾ ਸਵਾਗਤ ਕਰਦਿਆਂ ਸੰਘਰਸ਼ਾਂ ਦੌਰਾਨ ਪਿਛਲੀ ਸਰਕਾਰ ਵੱਲੋਂ ਵੱਖ-ਵੱਖ ਥਾਵਾਂ 'ਤੇ ਦਰਜ ਕੀਤੇ ਪੁਲਿਸ ਕੇਸ ਰੱਦ ਕਰਨ ਅਤੇ ਬਾਕੀ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਦਾ ਨਿਪਟਾਰਾ ਹਮਦਰਦੀ ਨਾਲ ਕਰਨ ਦੀ ਮੰਗ ਕੀਤੀ ਹੈ।