ਚਾਨਣ ਵਾਲਾ ਸਕੂਲ ਵੱਲੋਂ ਸਲਾਨਾ ਸਮਾਰੋਹ ਸਾਂਝ ਦਾ ਆਯੋਜਨ ਸਿੱਖਿਆ ਮੰਤਰੀ ਪੰਜਾਬ ਸਮੇਤ ਚਾਰ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਪਾਈ ਸਾਂਝ
ਸਰਕਾਰ ਦਾ ਸੁਪਨਾ, ਮਾਪੇ ਮਜਬੂਰ ਹੋ ਕੇ ਨਹੀਂ ਖੁਸ਼ ਹੋ ਕੇ ਬਚਿਆਂ ਦਾ ਦਾਖਲਾ ਕਰਵਾਉਣਗੇ ਸਰਕਾਰੀ ਸਕੂਲਾਂ ਵਿਚ-ਹਰਜੋਤ ਬੈਂਸ
ਸਕੂਲ ਆਫ ਐਮੀਨਾਂਸ ਤਹਿਤ ਸਰਕਾਰੀ ਸਕੂਲਾਂ ਦੀ ਬਣਤਰ ਦੇ ਹੋਰ ਸੁਧਾਰ ਵਿਚ ਲਗਾਤਾਰ ਉਪਰਾਲੇ ਜਾਰੀ
ਸਮਾਰੋਹ ਨੇ ਧਾਰਿਆ ਸੱਭਿਆਚਾਰ ਮੇਲੇ ਦਾ ਰੂਪ, ਨਿੱਕੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਰਾਹੀ ਸਭ ਦਾ ਮਨ ਮੋਹਿਆ
ਖੇਤਰ ਦੇ ਵਾਤਾਵਰਨ ਪ੍ਰੇਮੀ ਕਿਸਾਨਾਂ ਅਤੇ ਵਧੀਆ ਸੇਵਾਵਾਂ ਵਾਲੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਫਾਜ਼ਿਲਕਾ, 5 ਅਪ੍ਰੈਲ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦਾ ਸਲਾਨਾ ਸਮਾਰੋਹ ਸਾਂਝ 2023 ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਬੱਚਿਆਂ ਅਤੇ ਸਟਾਫ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਹਲਕਾ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ, ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ,ਐਸ ਐਸ ਪੀ ਮੈਡਮ ਅਵਨੀਤ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦੇ ਵਿਦਿਆਰਥੀਆਂ ਵੱਲੋਂ ਇਸ ਤਰ੍ਹਾਂ ਦੀ ਪੇਸ਼ਕਾਰੀ ਸਚਮੁੱਚ ਕਾਬਿਲੇ ਤਾਰੀਫ ਸੀ। ਇੰਝ ਲੱਗਿਆ ਜਿਵੇਂ ਕਿਸੇ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਦੀ ਪੇਸ਼ਕਾਰੀ ਹੋ ਰਹੀ ਹੋਵੇ। ਉਨ੍ਹਾਂ ਸਕੂਲ ਦੇ ਸਲਾਨਾ ਪ੍ਰੋਗਰਾਮ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਂ ਦਾਅਵਾ ਕਰ ਸਕਦਾ ਹਾਂ ਕਿ ਅਜਿਹਾ ਪ੍ਰੋਗਰਾਮ ਪ੍ਰਾਈਵੇਟ ਸਕੂਲਾਂ ਵਿਚ ਵੀ ਨਹੀਂ ਹੋਇਆ ਹੋਣਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਮਾਪੇ-ਅਧਿਆਪਕ ਮਿਲਣੀ ਨੂੰ ਵੀ ਪੂਰਾ ਹੁੰਗਾਰਾ ਮਿਲਿਆ ਤੇ ਮਾਪਿਆਂ ਵੱਲੋਂ ਵੱਧ ਚੜ ਕੇ ਪੀ.ਟੀ.ਐਮ. ਵਿਚ ਹਿਸਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਤਿਹਾਸ ਵਿਚ ਪਹਿਲਾ ਵਾਰ ਹੋਇਆ ਕਿ ਮੌਜੂਦਾ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਸਕੂਲਾਂ ਵਿਚ ਬਚਿਆਂ ਲਈ ਕਿਤਾਬਾਂ ਪਹੁੰਚਾਈਆਂ ਗਈਆਂ ਹੋਣ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਚਾਨਣ ਵਾਲਾ ਸਕੂਲ ਵਾਂਗ ਹੋਰਨਾਂ ਸਕੂਲਾਂ ਦੀ ਨਵੀਂ ਦਿੱਖ ਸਭ ਦੇ ਸਾਹਮਣੇ ਹੋਵੇਗੀ। ਉਹਨਾਂ ਕਿਹਾ ਕਿ ਆਉਂਦੇ ਦੋ ਸਾਲਾਂ ਵਿੱਚ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲਣਗੇ। ਉਹਨਾਂ ਕਿਹਾ ਕਿ ਸਰਕਾਰ ਸਕੂਲ ਦੇ ਢਾਂਚਾਗਤ ਵਿਕਾਸ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਨੂੰ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸਰਕਾਰੀ ਸਕੂਲਾਂ ਦੀ ਬਣਤਰ ਨੂੰ ਵੇਖ ਕੇ ਮਾਪੇ ਮਜਬੂਰ ਨਾ ਹੋ ਕੇ ਖੁਸ਼ੀ-ਖੁਸ਼ੀ ਆਪਣੇ ਬਚਿਆਂ ਦਾ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਨੂੰ ਤਵਜੋਂ ਦੇਣਗੇ ਜੋ ਕਿ ਪੂਰਾ ਹੁੰਦਾ ਨਜਰ ਵੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਿਖਿਆ ਵਿਭਾਗ ਦਾ ਪੂਰਾ ਅਮਲਾ ਹੇਠਲੇ ਵਰਗ ਤੋਂ ਲੈ ਕੇ ਉਚ ਅਧਿਕਾਰੀਆਂ ਤੱਕ ਹਰੇਕ ਕੋਈ ਤਨਦੇਹੀ ਨਾਲ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਦਾਖਲੇ ਨੂੰ ਵਧਾਉਣ ਲਈ ਲਗਾਤਾਰ ਮੁਹਿੰਮ ਚਲਾਈ ਗਈ ਸੀ ਜਿਸ ਦੇ ਸਦਕਾ ਇਕ ਦਿਨ ਵਿਚ ਇਕ ਲੱਖ ਤੋਂ ਵਧੇਰੇ ਦਾਖਲਾ ਰਜਿਸਟਰੇਸ਼ਨ ਕੀਤੀ ਗਈ ਸੀ।
ਸਿਖਿਆ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਯਤਨ ਜਾਰੀ ਹਨ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਨੀਤਜੇ, ਸਕੂਲ ਦੀਆਂ ਕਿਤਾਬਾਂ ਪ੍ਰਾਇਵੇਟ ਸਕੂਲਾਂ ਨਾਲ ਕਿਤੇ ਸ਼ਾਨਦਾਰ ਤੇ ਵਧੀਆ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਦੇ ਪ੍ਰਿੰਸੀਪਾਲਾਂ ਨੂੰ ਸਿਖਲਾਈ ਹਾਸਲ ਕਰਨ ਲਈ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਉਚ ਪੱਧਰ ਦੀ ਸਿਖਲਾਈ ਹਾਸਲ ਕਰਕੇ ਪ੍ਰਿੰਸੀਪਲ ਅਗੇ ਸਕੂਲਾਂ ਵਿਚ ਗਿਆਨ ਵੰਡ ਸਕਣ।
ਉਨ੍ਹਾਂ ਕਿਹਾ ਕਿ ਸਮਾਰੋਹ ਨੂੰ ਸ਼ਾਨਦਾਰ ਦੇ ਯਾਦਗਾਰ ਬਣਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾ. ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦੀ ਪੂਰੀ ਟੀਮ ਸਮੇਤ ਯੋਗਦਾਨ ਪਾਉਣ ਵਾਲੇ ਹਰ ਇਕ ਵਿਅਕਤੀ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਵੀ ਪ੍ਰਗਟ ਕੀਤਾ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾਂ, ਭੰਗੜਾ, ਝੂਮਰ, ਲੁੱਡੀ, ਸੰਮੀ ਅਤੇ ਮਲਵਈ, ਗਿੱਧਾ ਦੀ ਪੇਸ਼ਕਾਰੀ ਰਾਹੀ ਆਧੁਨਿਕ ਅਤੇ ਵਿਸਾਰੇ ਜਾ ਰਹੇ ਪੰਜਾਬੀ ਲੋਕ ਨਾਚਾਂ ਨਾਲ ਦਰਸ਼ਕਾਂ ਨੂੰ ਜੋੜਿਆ ਗਿਆ। ਇਸ ਤੋਂ ਇਲਾਵਾ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਰਾਹੀ ਸਭ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਿਆ। ਕਰਾਟੇ ਦੀ ਪੇਸ਼ਕਾਰੀ ਰਾਹੀ ਨਿੱਕਿਆ ਨੇ ਜਿੱਥੇ ਸਭ ਦਾ ਮਨੋਰੰਜਨ ਕੀਤਾ ਉੱਥੇ ਆਤਮ ਰੱਖਿਆ ਲਈ ਆਤਮ ਨਿਰਭਰ ਹੋਣ ਦਾ ਸੁਨੇਹਾ ਦਿੱਤਾ। ਰਾਜਸਥਾਨੀ ਲੋਕ ਨਾਚ ਰਾਹੀ ਸਭ ਨੂੰ ਰਾਜਸਥਾਨੀ ਕਲਚਰ ਦੇ ਦਰਸ਼ਨ ਕਰਵਾਏ। ਇਸ ਤੋਂ ਇਲਾਵਾ ਨਾਟਕ, ਕੋਰਿਓਗ੍ਰਾਫੀ ਸਮੇਤ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ।
ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਭ ਦਾ ਧੰਨਵਾਦ ਕੀਤਾ ਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਹਾਜਰੀਨ ਨੂੰ ਜਾਣੂੰ ਕਰਵਾਇਆ। ਇਸ ਸ਼ੁਭ ਅਵਸਰ ਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਅਨਿਲ ਕਸਵਾਂ, ਸੁਰਿੰਦਰ ਕੁਮਾਰ, ਗੋਪੀ ਰਾਮ ਅਤੇ ਬੂਟਾ ਸਿੰਘ ਨੂੰ ਧਰਤ ਦੇ ਜਾਏ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਅਧਿਆਪਕ ਰਾਘਵ ਉਬਵੇਜਾ ਅਤੇ ਅਸ਼ੋਕ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਬੀਪੀਈਓਜ,ਬੀਐਨਓ, ਅਧਿਆਪਕ,ਵੱਖ ਪਿੰਡਾਂ ਦੀਆਂ ਪੰਚਾਇਤਾਂ,ਪਿੰਡ ਦੇ ਸਮਾਜਸੇਵੀ ਨੌਜਵਾਨ, ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਦਾ ਸਟਾਫ਼ ਅਤੇ ਸਮੂਹ ਸਹਿਯੋਗੀ ਸਾਥੀ ਮੌਜੂਦ ਸਨ।