ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਬਲਾਕ ਪੱਧਰ ਤੇ ਲਗਾਉਣ ਦੀ ਮੰਗ-
ਉਤਰ ਪੱਤਰੀਆਂ ਦੀ ਮਾਰਕਿੰਗ ਦਾ ਕੰਮ ਅਧਿਆਪਕਾਂ ਦੇ ਪਿਤਰੀ ਸਕੂਲਾਂ ਵਿੱਚ ਕਰਵਾਇਆ ਜਾਵੇ-
ਜਲੰਧਰ, 24 ਮਾਰਚ
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਹਰ ਵਾਰ ਦੀ ਤਰਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਬਹੁਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਹੋਰ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਸੁਖਜਿੰਦਰ ਸਿੰਘ ਖ਼ਾਨਪੁਰ, ਜਰਨਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮੀਤ ਪ੍ਰਧਾਨ ਸੰਜੀਵ ਸ਼ਰਮਾ ਲੁਧਿਆਣਾ, ਵਿੱਤ ਸਕੱਤਰ ਨਵੀਨ ਕੁਮਾਰ ਜ਼ੀਰਾ ਆਗੂਆਂ ਵੱਲੋਂ ਕਿਹਾ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਦੂਰ ਦਰਾਡੇ ਪ੍ਰੀਖਿਆ ਕੇਂਦਰਾਂ ਤੇ ਲਗਾ ਦਿੱਤੀਆਂ ਗਈਆਂ ਹਨ।
ਜਿਸ ਨਾਲ ਅਧਿਆਪਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਇਲਾਵਾ ਜਿਨ੍ਹਾਂ ਵਿਸ਼ਿਆਂ ਦੇ ਪੇਪਰ ਹੁਣ ਤੱਕ ਹੋ ਗਏ ਹਨ। ਉਨ੍ਹਾਂ ਦੀ ਮਾਰਕਿੰਗ ਦਾ ਕੰਮ ਵੀ ਵੱਡੇ ਪੱਧਰ ਤੇ ਚੱਲ ਰਿਹਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਮਾਰਕਿੰਗ ਵਿਚ ਲੱਗੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਲਗਾ ਦਿੱਤੀਆਂ ਹਨ। ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਤੌਰ ਤੇ ਲਗਭਗ ਹਰ ਜਿਲ੍ਹੇ ਦੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਦੂਜੇ ਜ਼ਿਲਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਫਿਰ ਅਧਿਆਪਕਾਂ ਦੀਆਂ ਦੂਰ-ਦੁਰਾਡੇ ਡਿਊਟੀਆਂ ਲਗਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ । ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਧਿਆਪਕਾਂ ਦੀਆਂ ਦੂਰ-ਦੁਰਾਡੇ ਲਗਾਈਆਂ ਡਿਊਟੀਆਂ ਤੁਰੰਤ ਰੱਦ ਕਰਦੇ ਹੋਏ ਉਨ੍ਹਾਂ ਦੇ ਨਜ਼ਦੀਕੀ ਸਟੇਸ਼ਨਾ ਅਤੇ ਬਲਾਕਾਂ ਵਿੱਚ ਲਗਾਈਆ ਜਾਣ ਅਤੇ ਉੱਤਰ ਪੱਤਰੀਆਂ ਮਾਰਕਿੰਗ ਦਾ ਕੰਮ ਵੀ ਅਧਿਆਪਕਾਂ ਦੇ ਪਿਤਰੀ ਸਕੂਲਾਂ ਵਿਚ ਹੀ ਕਰਵਾਇਆ ਜਾਵੇ।