ਸਰਕਾਰੀ ਐਲਾਨ ਦੇ ਬਾਵਜੂਦ ਪ੍ਰੀ-ਪ੍ਰਾਇਮਰੀ ਵਾਲੇ ਬੱਚੇ ਅਤੇ ਜਨਰਲ ਤੇ ਬੀ.ਸੀ. ਸ਼੍ਰੇਣੀਆਂ ਦੇ ਲੜਕੇ ਵਰਦੀਆਂ ਤੋਂ ਵਾਂਝੇ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਕੀਤੇ ਐਲਾਨ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ ਪ੍ਰਾਇਮਰੀ ਦੇ ਸਾਰੇ ਵਿਦਿਆਰਥੀ ਅਤੇ ਅੱਠਵੀਂ ਜਮਾਤ ਜਨਰਲ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੜਕਿਆਂ ਨੂੰ ਅਜੇ ਤੱਕ ਵਰਦੀਆਂ ਨਹੀਂ ਮਿਲੀਆਂ। ਇਸ ਬਾਰੇ ਨੋਟਿਸ ਲੈਂਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਵਿੱਦਿਅਕ ਸੈਸ਼ਨ ਦੇ 9 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਉਕਤ ਵਿਦਿਆਰਥੀਆਂ ਲਈ ਵਰਦੀਆਂ ਦੀ ਗ੍ਰਾਂਟ ਜਾਰੀ ਨਾ ਕਰਨਾ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਲਈ ਗਰਮੀਆਂ ਅਤੇ ਸਰਦੀਆਂ ਲਈ ਵਰਦੀਆਂ ਦੇ ਦੋ ਸੈੱਟ ਦੇਣ ਦੀ ਮੰਗ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਸਰਕਾਰ ਪਾਸ ਵਰਦੀ ਦੇ ਸੈੱਟ ਲਈ ਦਿੱਤੀ ਜਾਣ ਵਾਲੀ 600 ਰੁਪਏ ਦੀ ਰਾਸ਼ੀ ਬਹੁਤ ਹੀ ਘੱਟ ਹੋਣ ਦਾ ਵਿਰੋਧ ਵੀ ਦਰਜ ਕਰਵਾਇਆ ਗਿਆ ਹੈ, ਕਿਉਂਕਿ ਇੰਨੀ ਘੱਟ ਰਾਸ਼ੀ ਵਿੱਚ ਵਰਦੀ ਦਾ ਇੱਕ ਸੈੱਟ ਜਿਸ ਵਿੱਚ ਕਮੀਜ, ਪੈਂਟ/ਸਲਵਾਰ, ਬੂਟ, ਕੋਟੀ, ਜੁਰਾਬਾਂ, ਟੋਪੀ/ ਪਟਕਾ ਆਦਿ ਆਈਟਮਾਂ ਨਹੀਂ ਖਰੀਦੀਆਂ ਜਾ ਸਕਦੀਆਂ ਪਰ ਇਸ ਸਬੰਧੀ ਸਰਕਾਰ ਵੱਲੋਂ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਇਸ ਵਾਰ ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚ ਬਜਟ ਭਾਸ਼ਣ ਦੌਰਾਨ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਵਰਦੀ ਦਾ ਇੱਕ ਸੈੱਟ ਦੇਣ ਦਾ ਐਲਾਨ ਕੀਤਾ ਸੀ ਜੋ ਕਿ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ।
ਡੀ.ਟੀ.ਐਫ. ਦੇ ਆਗੂਆਂ ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੂਲੇਵਾਲ, ਰਘਬੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ ਕਪੂਰਥਲਾ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆਉਂਦੇ ਹੋਏ ਸਰਕਾਰ ਇਹ ਫੰਡ ਤੁਰੰਤ ਜਾਰੀ ਕਰੇ ਅਤੇ ਯੂਨੀਫਾਰਮ ਗ੍ਰਾਂਟ ਵਿੱਚ ਲੋੜੀਂਦਾ ਵਾਧਾ ਕੀਤਾ ਜਾਵੇ ਤਾਂ ਜੋ ਮਿਆਰੀ ਵਰਦੀ ਦੇ ਦੋ ਸੈੱਟ (ਗਰਮੀਆਂ ਅਤੇ ਸਰਦੀਆਂ ਲਈ ਇੱਕ-ਇੱਕ) ਦਿੱਤੇ ਜਾ ਸਕਣ।