ਬੂਥ ਲੈਵਲ ਅਫਸਰਾਂ ਨੇ ਪੋਲਿੰਗ ਬੂਥਾਂ ਤੇ ਨਵੇ ਵੋਟਰਾਂ ਲਈ ਕੀਤੀ ਰਜਿਸਟ੍ਰੇਸ਼ਨ
ਸ੍ਰੀ ਅਨੰਦਪੁਰ ਸਾਹਿਬ 20 ਨਵੰਬਰ (JOBSOFTODAY)
ਵਿਧਾਨ ਸਭਾ ਚੋਣ ਹਲਕਾ 49-ਅਨੰਦਪੁਰ ਸਾਹਿਬ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵੱਲੋਂ ਆਪਣੇ-ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਗਏ ਜਿਸ ਵਿੱਚ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2023 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਭਰਕੇ ਬਤੌਰ ਵੋਟਰ ਰਜਿਸਟਰ ਕਰਨ ਲਈ ਮੁਢਲੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਮਨੀਸ਼ਾ ਰਾਣਾ ਆਈ.ਏ.ਐਸ ਨੇ ਦੱਸਿਆ ਕਿ ਅੱਜ ਦਿਨ ਐਤਵਾਰ ਨੂੰ ਵੀ ਵਿਸੇਸ ਕੈਂਪ ਸਵੇਰੇ 9.00 ਵਜੇ ਤੋ ਲੈ ਕੇ ਸ਼ਾਮ 5.00 ਵਜੇ ਤੱਕ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਸਾਲ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੁਵਾਵਾਂ, ਜਿਨ੍ਹਾਂ ਦੀ ਸਾਲ 2023 ਦੌਰਾਨ ਕਿਸੇ ਵੀ ਮਿਤੀ ਨੂੰ 18 ਸਾਲ ਦੀ ਉਮਰ ਪੂਰੀ ਹੋ ਜਾਵੇਗੀ, ਉਨ੍ਹਾਂ ਦੀ 18 ਸਾਲ ਉਮਰ ਪੂਰੀ ਹੋਣ ਦੀ ਮਿਤੀ ਤੇ ਬਤੌਰ ਵੋਟਰ ਰਜਿਸਟੇ੍ਰਸ਼ਨ ਕਰਨ ਸਬੰਧੀ ਅਗੇਤੇ ਤੋਰ ਤੇ ਫਾਰਮ ਨੰ:6 ਪ੍ਰਾਪਤ ਕਰਨ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਹੁਣ ਸਾਲ 2023 ਵਿੱਚ ਪੈਂਦੀਆਂ ਕੁਲ ਚਾਰ ਤਿਮਾਹੀਆ ਯੋਗਤਾ 01 ਜਨਵਰੀ 2023, 01 ਅਪ੍ਰੈਲ 2023, 01 ਜੁਲਾਈ 2023, ਅਤੇ 01 ਅਕਤੂਬਰ 2023 ਅਨੁਸਾਰ ਕਿਸੇ ਵੀ ਯੋਗਤਾ ਮਿਤੀ ਨੂੰ ਬਿਨੈਕਾਰ ਦੀ ਉਮਰ 18 ਸਾਲ ਪੂਰੀ ਹੋ ਜਾਂਦੀ ਹੈ, ਭਾਵ ਜਿਸ ਦੀ ਉਮਰ ਮਿਤੀ 01 ਜਨਵਰੀ 2023 ਨੂੰ 18 ਸਾਲ ਦੀ ਪੂਰੀ ਨਹੀਂ ਹੁੰਦੀ, ਪਰੰਤੂ ਉਸਦੀ ਉਮਰ ਸਾਲ ਦੀ ਅਗਲੀ ਤਿੰਨ ਯੋਗਤਾ ਮਿਤੀ ਅਨੁਸਾਰ 18 ਸਾਲ ਪੂਰੀ ਹੋ ਜਾਂਦੀ ਹੈ ਤਾਂ ਅਜਿਹੇ ਬਿਨੈਕਾਰ ਆਪਣੀ ਵੋਟ ਬਨਾਉਣ ਲਈ ਐਡਵਾਂਸ ਵਿੱਚ ਫ਼ਾਰਮ ਨੰ. 6 ਭਰਕੇ ਦੇ ਸਕਣਗੇ। ਇਹ ਪ੍ਰਕਿਰਿਆ 8 ਦਸੰਬਰ 2022 ਤੱਕ ਜਾਰੀ ਰਹੇਗੀ। ਉਨ੍ਹਾਂ ਨੇ ਵੋਟਰ ਵਜੋਂ ਰਜਿਸਟਰਡ ਨਹੀਂ ਹੋਏ ਨਿਵਾਸੀਆਂ ਨੂੰ ਜਲਦੀ ਤੋਂ ਜਲਦੀ ਰਜਿਸਟਰ ਕਰਨ ਦੀ ਅਪੀਲ ਕੀਤੀ।ਅੱਜ ਵੱਖ-ਵੱਖ ਚੈਕਿੰਗ ਟੀਮਾਂ ਨੇ ਬੂਥਾਂ 'ਤੇ ਬੀ.ਐਲ.ਓਜ਼ ਦੀ ਚੈਕਿੰਗ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਵੋਟਰ ਵਜੋਂ ਰਜਿਸਟਰ ਹੋਣ ਲਈ ਬਹੁਤ ਦਿਲਚਸਪੀ ਦਿਖਾਈ। ਇਸ ਮੌਕੇ ਤਹਿਸੀਲਦਾਰ ਅਮ੍ਰਿਤਬੀਰ ਸਿੰਘ, ਜਤਿੰਦਰ ਸਿੰਘ ਆਦਿ ਤੇ ਸਮੂਹ ਅਧਿਕਾਰੀ ਹਾਜ਼ਰ ਸਨ।