ਪੰਜਾਬ ਸਰਕਾਰ ਭਾਜਪਾ ਨਾਲ਼ ਮਿਲ਼ਕੇ ਰਾਸ਼ਟਰੀ ਸਿੱਖਿਆ ਨੀਤੀ 2020 ਲਾਗੂ ਕਰਨ ਲੱਗੀ ਗੋਰਮਿੰਟ ਟੀਚਰਜ਼ ਯੂਨੀਅਨ (ਪੰਜਾਬ) ਵਿਗਿਆਨਕ
ਲੁਧਿਆਣਾ 15 ਨਵੰਬਰ
*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਪੰਜਾਬ ਵਿੱਚ ਆਮ ਆਦਮੀ ਸਰਕਾਰ ਵੱਲੋਂ, ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਪ੍ਰਵਾਨਿਤ ਕੇਂਦਰੀ ਸਿੱਖਿਆ ਨੀਤੀ 2020 ਨੂੰ ਲੁਕਵੇਂ ਤਰੀਕੇ ਨਾਲ਼ ਬੜੀ ਕਾਹਲ਼ੀ ਵਿੱਚ ਲਾਗੂ ਕਰਨ ਦੇ ਏਜੰਡੇ ਨੂੰ ਪੰਜਾਬੀਆਂ ਨਾਲ਼ ਸਰਾਸਰ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਦਿੱਤੀਆਂ ਹੋਈਆਂ ਗਰੰਟੀਆਂ ਦੇ ਮਹਿਲ ਖ਼ੁਦ ਹੀ ਢਾਹੁਣ ਲੱਗ ਪਈ ਹੈ।
ਸੁਬਾਈ ਆਗੂਆਂ ਪ੍ਰਧਾਨ ਨਵਪ੍ਰੀਤ ਬੱਲੀ, ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ, ਸੁਰਿੰਦਰ ਕੰਬੋਜ (ਕਨਵੀਨਰ ਸਾਂਝਾ ਅਧਿਆਪਕ ਮੋਰਚਾ ਪੰਜਾਬ), ਸੋਮ ਸਿੰਘ, ਬਿਕਰਮਜੀਤ ਸ਼ਾਹ, ਐਨ ਡੀ ਤਿਵਾੜੀ, ਗੁਰਜੀਤ ਸਿੰਘ ਕੁੰਭੜਾ, ਜਤਿੰਦਰ ਸਿੰਘ ਸੋਨੀ, ਸੁੱਚਾ ਸਿੰਘ, ਕੰਵਲਜੀਤ ਸੰਗੋਵਾਲ, ਪ੍ਰਗਟ ਸਿੰਘ ਜੰਬਰ, ਜਗਤਾਰ ਖਮਾਣੋ, ਰਘਬੀਰ ਬੱਲ, ਲਾਲ ਚੰਦ, ਅਸ਼ਵਨੀ ਕੁਮਾਰ, ਜਰਨੈਲ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਨੇ ਹਿਮਾਚਲ ਚੋਣਾਂ ਤੋਂ ਵਿਹਲੇ ਹੋ ਕੇ ਆਪਣਾ ਅਸਲ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਅਧੀਨ ਹਰੇਕ ਜ਼ਿਲੇ ਦੇ ਹਰੇਕ ਬਲਾਕ ਵਿੱਚੋਂ 2-2 ਸਕੂਲਾਂ ਨੂੰ ਪੀ. ਐੱਮ. ਸ਼੍ਰੀ ਸਕੂਲ ਸਕੀਮ ਅਧੀਨ ਲਿਆ ਕੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਜੋ ਕਿ ਸਕੂਲਾਂ ਅਤੇ ਸਿੱਖਿਆ ਦਾ ਉਜਾਡ਼ਾ ਕਰੇਗੀ ਅਤੇ ਇਸ ਸਕੀਮ ਨੂੰ ਲਾਗੂ ਕਰਨ ਲਈ ਹਰੇਕ ਜ਼ਿਲ੍ਹੇ ਦੇ 25- 30% ਸਕੂਲਾਂ ਨੂੰ ਇਹ ਡੈਟਾ ਭਰਨ ਲਈ ਕਿਹਾ ਗਿਆ ਹੈ। ਕਈ ਜ਼ਿਲ੍ਹਿਆਂ ਅੰਦਰ ਤਾਂ ਸਕੂਲ ਮੁਖੀਆਂ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਲੋੜੀਂਦੀ ਆਨ-ਲਾਈਨ ਅੱਪਡੇਟ ਕਰਨ ਲਈ ਵੀ ਕਹਿ ਦਿੱਤਾ ਹੈ।*
*ਉੱਧਰ ਦੂਸਰੇ ਪਾਸੇ ਸਰਕਾਰ ਨੇ ਬੀ ਪੀ ਈ ਓਜ਼ ਦੀਆਂ ਤਰੱਕੀਆਂ ਬਿਨਾਂ ਵਜ੍ਹਾ ਰੋਕ ਲਈਆਂ ਹਨ, ਇੱਥੋਂ ਤੱਕ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਵਾਰ-ਵਾਰ ਮੰਗ ਕਰਨ ਤੇ ਵੀ ਡੀ-ਬਾਰ ਹੋਏ ਬੀ ਪੀ ਈ ਓਜ਼ ਦੀ ਥਾਂ 'ਤੇ ਤਰੱਕੀਆਂ ਕਰਨ ਤੋਂ ਟਾਲ਼ਾ ਵੱਟਿਆ ਜਾ ਰਿਹਾ ਹੈ । ਚੇਤੇ ਰਹੇ ਕਿ ਅਧਿਆਪਕ ਜਥੇਬੰਦੀਆਂ ਅਨੁਸਾਰ ਇਸ ਨਵੀਂ ਸਿੱਖਿਆ ਨੀਤੀ ਨਾਲ਼ ਸਰਕਾਰ ਸਕੂਲਾਂ ਨੂੰ ਵੇਚੇਗੀ, ਵਿਭਾਗ ਅਤੇ ਅਸਾਮੀਆਂ ਦੀ ਅਕਾਰ ਘਟਾਈ ਹੋਵੇਗੀ, ਤਰੱਕੀਆਂ ਦੇ ਮੌਕੇ ਖ਼ਤਮ ਹੋਣਗੇ ਅਤੇ ਸਕੂਲ ਸਿੱਖਿਆ ਦਾ ਸਿਲੇਬਸ ਵੀ ਸਕੂਲ ਮੈਨੇਜਮੈਂਟ ਮੁਤਾਬਿਕ ਢਾਲ਼ਿਆ ਜਾ ਸਕੇਗਾ, ਨਿਚੋੜ ਇਹ ਕਿ ਕਾਰਪੋਰੇਟ ਪੱਖੀ ਇਹ ਨੀਤੀ ਸਿੱਖਿਆ ਦਾ ਉਜਾੜਾ ਅਤੇ ਭਗਵਾਂਕਰਨ ਕਰੇਗੀ।
ਆਗੂਆਂ ਨੇ ਆਪ ਸਰਕਾਰ ਨੂੰ ਕਿਹਾ ਕਿ ਉਹ ਆਪਣੇ ਚੋਣ ਮਨੋਰਥ ਪੱਤਰ ਅਨੁਸਾਰ ਦਿੱਤੀਆਂ ਗਈਆਂ ਗਾਰੰਟੀਆਂ ਪੂਰੀਆਂ ਕਰਨ ਦਾ ਕੰਮ ਸ਼ੁਰੂ ਕਰੇ ਨਾ ਕਿ ਸਿੱਖਿਆ ਢਾਂਚੇ ਨੂੰ ਤਹਿਸ ਨਹਿਸ ਕਰਨ ਦਾ ਕੰਮ ਕਰੇ। ਅਧਿਆਪਕ ਆਗੂਆਂ ਇਤਬਾਰ ਸਿੰਘ, ਕੇਵਲ ਸਿੰਘ, ਕਮਲਜੀਤ ਸਿੰਘ, ਸੰਦੀਪ ਸਿੰਘ ਬਦੇਸ਼ਾ, ਰਸ਼ਮਿੰਦਰ ਸੋਨੂੰ ਗੁਰਪ੍ਰੀਤ ਸਿੰਘ ਅਵਨੀਸ਼ ਕਲਿਆਣ ਗੁਰਮੀਤ ਸਿੰਘ ਖਾਲਸਾ, ਕਮਲ ਕੁਮਾਰ, ਭਾਰਤ ਭੂਸ਼ਨ, ਇੰਦਰਜੀਤ ਸਿੰਗਲਾ, ਅਨੂਪ ਕੁਮਾਰ, ਰੋਹਿਤ ਕੁਮਾਰ, ਰਾਜਵਿੰਦਰ ਸਿੰਘ ਛੀਨਾ ,ਰਣਜੀਤ ਸਿੰਘ, ਹਰਿੰਦਰਪਾਲ ਸਿੰਘ ਆਦਿ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਸ਼ਰਾਰਤ ਭਰੀ ਨੀਤੀ ਦਾ ਵਿਰੋਧ ਕਰਨਗੇ ਤਾਂ ਜੋ ਸਰਕਾਰ ਸਿੱਖਿਆ ਵਿਭਾਗ ਦਾ ਉਜਾੜਾ ਨਾ ਕਰ ਸਕੇ ਅਤੇ ਸਿੱਖਿਆ ਵਿਭਾਗ ਪੰਜਾਬ ਦੀ ਅਹਿਮੀਅਤ ਬਣੀ ਰਹੇ ਉਹਨਾਂ ਸਰਕਾਰ ਨੂੰ ਈਟੀਟੀ ਕਾਡਰ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ, ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ ਕਾਡਰ ਅਤੇ ਬੀ ਪੀ ਈ ਓਜ਼ ਦੀਆਂ ਤਰੱਕੀਆਂ ਛੇਤੀ ਤੋਂ ਛੇਤੀ ਕਰਨ ਦੀ ਅਪੀਲ ਵੀ ਕੀਤੀ ਅਤੇ ਬਦਲੀਆਂ ਵਿੱਚ ਹਰ ਤਰ੍ਹਾਂ ਦੀਆਂ ਪੋਸਟਾਂ ਪੋਰਟਲ ਉਪਰ ਦਰਸਾਉਣ (ਜਿਵੇਂ ਕਿ ਸੰਗੀਤ ਅਧਿਆਪਕਾਂ/ਤਬਲਾਵਾਦਕ ਦੀਆਂ ਪੋਸਟਾਂ ਸਾਰੇ ਜ਼ਿਲ੍ਹਿਆਂ ਵਿੱਚ ਪੋਰਟਲ ਉਪਰ ਨਹੀਂ ਦਰਸਾਈਆਂ ਜਾ ਰਹੀਆਂ) ਨੂੰ ਪੋਰਟਲ ਉਪਰ ਦਰਸਾਉਣ ਅਤੇ ਆਪਣੀਆਂ ਆਨਲਾਈਨ ਹੋਈਆਂ ਬਦਲੀਆਂ ਰੱਦ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਲਈ ਈ-ਪੋਰਟਲ ਖੋਲ੍ਹਣ ਸਮੇਤ ਸੂਬਾ ਸਰਕਾਰ ਨੂੰ ਕੇਂਦਰੀ ਸਿੱਖਿਆ ਨੀਤੀ ਖਿਲਾਫ ਡਟਣ ਦੀ ਅਪੀਲ ਵੀ ਕੀਤੀ ।*