~ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਲਾਭ ਦੇਣ ਦਾ ਨੋਟੀਫਿਕੇਸ਼ਨ ਹੋਇਆ ਜਾਰੀ, ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਸੰਘਰਸ਼ ਦੀ ਅਹਿਮ ਪ੍ਰਾਪਤੀ: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ
ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਅਧੂਰਾ, ਸਮੁੱਚੀ ਕਨੂੰਨੀ ਅਤੇ ਵਿਧਾਨਕ ਕਾਰਵਾਈ ਨੂੰ ਅਮਲ ਵਿੱਚ ਲਿਆਕੇ ਪੈਨਸ਼ਨ ਨੂੰ ਸਮੁੱਚਤਾ ਵਿੱਚ ਲਾਗੂ ਕਰੇ ਪੰਜਾਬ ਸਰਕਾਰ : ਪੀ.ਪੀ.ਪੀ.ਐੱਫ
ਨਵੀਂ ਪੈਨਸ਼ਨ ਸਕੀਮ ਨੂੰ ਮੁਕੰਮਲ ਵਾਪਸ ਲੈਣ ਅਤੇ ਪੈਨਸ਼ਨ ਐਕਟ 1972 ਅਧਾਰਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਰੰਟੀ ਕਰਦਾ ਸਪੱਸ਼ਟ ਅਤੇ ਸਮਾਂਬੱਧ ਵਿਧੀ ਵਿਧਾਨ ਵੀ ਜਾਰੀ ਕੀਤਾ ਜਾਵੇ: ਪੀ.ਪੀ.ਪੀ.ਐੱਫ
ਲੁਧਿਆਣਾ 21 ਨਵੰਬਰ,(jobsoftoday ):ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਸੰਘਰਸ਼ ਦੀ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਜ਼ਿਲਾ ਆਗੂ …….. ਨੇ ਕਿਹਾ ਕਿ ਪੈਨਸ਼ਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕੇਵਲ ਪੁਰਾਣੀ ਪੈਨਸ਼ਨ ਦੇ ਲਾਭ ਦੇਣ ਦਾ ਜ਼ਿਕਰ ਕਰਕੇ ਬਾਕੀ ਸ਼ਰਤਾਂ ਅਤੇ ਢੰਗਪ੍ਰਣਾਲੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ। ਉਹਨਾਂ ਆਪ ਸਰਕਾਰ ਤੋਂ ਨਵੀਂ ਪੈਨਸ਼ਨ ਸਕੀਮ (NPS) ਨੂੰ ਮੁਕੰਮਲ ਰੂਪ ਵਿੱਚ ਵਾਪਸ ਲੈਣ ਅਤੇ ਪੈਨਸ਼ਨ ਐਕਟ 1972 ਅਧਾਰਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਰੰਟੀ ਕਰਦਾ ਸਪੱਸ਼ਟ ਅਤੇ ਸਮਾਂਬੱਧ ਵਿਧੀ ਵਿਧਾਨ ਇੱਕਸਮਾਨ ਰੂਪ ਵਿੱਚ ਜਾਰੀ ਕਰਨ ਦੀ ਮੰਗ ਕੀਤੀ।
ਪੀਪੀਪੀਐੱਫ ਫਰੰਟ ਦੇ ਜ਼ੋਨਲ ਕਨਵੀਨਰ ਗੁਰਬਿੰਦਰ ਖਹਿਰਾ, ਜਸਵੀਰ ਭੰਮਾ, ਹਰਵਿੰਦਰ ਅੱਲੂਵਾਲ ਅਤੇ ਇੰਦਰਸੁਖਦੀਪ ਸਿੰਘ ਸਮੇਤ ਸੂਬਾ ਸਲਾਹਕਾਰ ਵਿਕਰਮ ਦੇਵ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਲਗਭਗ 17000 ਕਰੋੜ ਰੁਪਏ ਦੀ ਜਮਾਂ ਰਾਸ਼ੀ ਨੂੰ ਕੇਂਦਰ ਸਰਕਾਰ ਤੋਂ ਵਾਪਸ ਲੈਣਾ, ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਜਨਤਕ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲਿਆਉਣ, 2004 ਤੋਂ ਮਗਰੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਵੀ ਪੁਰਾਣੀ ਪੈਨਸ਼ਨ ਦਾ ਲਾਭ ਦੇਣਾ ਯਕੀਨੀ ਬਣਾਵੇ।
ਇਸ ਮੌਕੇ ਫਰੰਟ ਦੇ ਆਗੂ ਜਸਵਿੰਦਰ ਔਜਲਾ, ਰਮਨਦੀਪ ਸਿੰਗਲਾ, ਸਤਪਾਲ ਸਮਾਣਵੀ, ਲਖਵਿੰਦਰ ਮਾਨਸਾ, ਸੁਖਵਿੰਦਰ ਗਿਰ, ਹਰਦੀਪ ਟੋਡਰਪੁਰ, ਮੁਕੇਸ਼ ਕੁਮਾਰ, ਗਿਆਨ ਰੋਪੜ, ਰਾਜਿੰਦਰ ਸਮਾਣਾ, ਮਨਮੋਹਨ ਸਿੰਘ, ਅਮ੍ਰਿਤਪਾਲ ਸਿੰਘ, ਰਾਜੇਸ਼ ਪਰਾਸ਼ਰ, ਲਖਵਿੰਦਰ ਸਿੰਘ, ਸੁਖਦੇਵ ਡਾਨਸੀਵਾਲ, ਮਨਜੀਤ ਸਿੰਘ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਰਈਆ, ਰਜਿੰਦਰ ਗੁਰੂ ਆਦਿ ਹਾਜ਼ਿਰ ਸਨ।