ਸਕੂਲ ਆਫ਼ ਐਮੀਨੈਂਸ ਦੇ ਲੋਗੋ ਲਈ 10 ਨਵੰਬਰ ਤੱਕ ਭੇਜ ਸਕਦੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਡਿਜ਼ਾਇਨ: ਹਰਜੋਤ ਸਿੰਘ ਬੈਂਸ
ਚੰਡੀਗੜ, 7 ਨਵੰਬਰ
ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੇ ਪੜਾਅ ਅਧੀਨ ਸਥਾਪਿਤ ਕੀਤਾ ਜਾ ਰਹੇ ‘ਸਕੂਲ ਆਫ਼ ਐਮੀਨੈਂਸ’ ਦੇ ਲੋਗੋ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ 10 ਨਵੰਬਰ,2022 ਤੱਕ ਆਪਣੇ ਡਿਜ਼ਾਇਨ ਭੇਜ ਸਕਦੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਕੀਤਾ ਗਿਆ।
ਉਹਨਾਂ ਦੱਸਿਆ ਕਿ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਰਾਹੀਂ ਨਿਰੇਦਸ਼ ਦਿੱਤੇ ਗਏ ਹਨ ਕਿ 11ਵੀਂ ਅਤੇ 12ਵੀਂ ਜਮਾਤ ਵਿੱਚ ਫ਼ਾਈਨ ਆਰਟਸ, ਡਰਾਇੰਗ ਅਤੇ ਪੇਂਟਿੰਗ ਦਾ ਵਿਸ਼ਾ ਪੜ੍ਹਦੇ ਬੱਚੇ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਲੋਗੋ ਦਾ ਡਿਜ਼ਾਇਨ ਤਿਆਰ ਕਰਕੇ ਜ਼ਿਲ੍ਹਾ ਦਫ਼ਤਰ ਰਾਹੀਂ 10 ਨਵੰਬਰ ਤੱਕ ਮੁੱਖ ਦਫ਼ਤਰ ਵਿੱਚ ਭੇਜਣ। ਇਸ ਲਈ ਪੰਜ ਮੁੱਖ ਅਗਵਾਈ ਬਿੰਦੂ ਵੀ ਜਾਰੀ ਕੀਤੇ ਗਏ ਹਨ ਜਿਸ ਵਿੱਚ ਸਕੂਲਾਂ ਵਿੱਚ ਵਧੀਆ ਬੁਨਿਆਦੀ ਸਹੂਲਤਾਂ, ਡਿਜੀਟਲ ਸਿੱਖਿਆ ਲਈ ਮਲਟੀਮੀਡੀਆ ਅਤੇ ਹੋਰ ਈ-ਸ੍ਰੋਤਾਂ ਦੀ ਵਰਤੋਂ, ਵਧੀਆ ਸੁਸੱਜਿਤ ਲਾਇਬ੍ਰੇਰੀਆਂ ਅਤੇ ਪ੍ਰਯੋਗਸ਼ਾਲਾਵਾਂ, ਖੇਡ ਸਹੂਲਤਾਂ ਅਤੇ ਸਹਿ-ਅਕਾਦਮਿਕ ਕਿਰਿਆਵਾਂ ਲਈ ਸਹੂਲਤਾਂ ਦਾ ਜ਼ਿਕਰ ਜਾਂ ਪੇਸ਼ਕਾਰੀ ਹੋਵੇ।
ਸ. ਬੈਂਸ ਨੇ ਕਿਹਾ ਕਿ ਰਾਜ ਪੱਧਰ ‘ਤੇ ਪਹਿਲੇ ਤਿੰਨ ਸਥਾਨ ‘ਤੇ ਰਹਿਣ ਵਾਲੇ ਸਕੂਲ ਆਫ਼ ਐਮੀਨੈਂਸ ਦੇ ਡਿਜ਼ਾਇਨਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪਹਿਲਾ ਇਨਾਮ 5100 ਰੁਪਏ, ਦੂਜਾ ਇਨਾਮ 3100 ਰੁਪਏ ਅਤੇ ਤੀਜਾ ਇਨਾਮ 2100 ਰੁਪਏ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ ਵਿਭਾਗ ਵੱਲੋਂ ਰਾਜ ਪੱਧਰੀ ਜਿਊਰੀ ਅੰਤਿਮ ਫੈਸਲਾ ਲਵੇਗੀ।