ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ 1972 ਦੇ ਨਿਯਮਾਂ ਅਨੁਸਾਰ ਜਲਦ ਜਾਰੀ ਕਰਨ ਦੀ ਮੰਗ
ਪੁਰਾਣੀ ਪੈਨਸ਼ਨ ਦੀ ਤਰ੍ਹਾਂ ਪੇਅ ਪੈਰਿਟੀ ਵੀ ਬਹਾਲ ਕਰਨ ਦੀ ਮੰਗ
ਬਠਿੰਡਾ ( ) : ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਸਲਾਬਤਪੁਰਾ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਕੀਤੇ ਹੋਏ ਐਲਾਨ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਰਾਣੀ ਪੈਨਸ਼ਨ ਕਿਸ ਰੂਪ ਵਿੱਚ ਬਹਾਲ ਹੋਵੇਗੀ ਇਸ ਸੰਬੰਧੀ ਵੀ ਮੁਲਾਜ਼ਮਾਂ ਦੇ ਮਨ ਵਿੱਚ ਬਹੁਤ ਸ਼ੰਕੇ ਹਨ। ਇਸ ਲਈ ਸਰਕਾਰ ਨੂੰ ਪੰਜਾਬ ਸਿਵਿਲ ਸਰਵਿਸ ਪੈਨਸ਼ਨ ਰੂਲਜ਼ 1972 ਦੇ ਅਨੁਸਾਰ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।
ਆਗੂਆਂ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਹਿਮਾਚਲ ਅਤੇ ਗੁਜਰਾਤ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਦੇਵੇਗੀ। ਆਗੂਆਂ ਨੇ ਅੱਗੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰਕੇ ਸਰਕਾਰ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਪੂਰੀ ਕਰਨ ਵੱਲ ਅੱਗੇ ਵਧੀ ਹੈ। ਪਰ ਇਸ ਤੋਂ ਇਲਾਵਾ 2011 'ਚ ਤੋੜੀ ਗਈ ਪੇਅ ਪੈਰਿਟੀ ਬਹਾਲ ਕਰਨਾ ਵੀ ਕਈ ਮੁਲਾਜ਼ਮ ਕੈਟਾਗਿਰੀਆਂ ਦੀ ਮੁੱਖ ਮੰਗ ਹੈ, ਜਿਨ੍ਹਾਂ ਵਿੱਚ ਸਕੂਲ ਸਿੱਖਿਆ ਵਿਭਾਗ ਦਾ ਐਸ.ਐਲ.ਏ. ਕੇਡਰ ਪ੍ਰਮੁੱਖ ਹੈ। ਐਸ.ਐਲ.ਏ. ਕੇਡਰ ਪਿਛਲੇ 10 ਸਾਲਾਂ ਤੋਂ ਲਗਾਤਾਰ 2011 ਵਿੱਚ ਪੈਦਾ ਹੋਈ ਪੇਅ ਅਨਾਮਲੀ ਨੂੰ ਦੂਰ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਉਮੀਦ ਹੈ ਕਿ ਪੰਜਾਬ ਸਰਕਾਰ 1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਜਲਦ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਦੀ ਪੇਅ ਪੈਰਿਟੀ ਬਹਾਲ ਕਰਨ ਵਰਗੀਆਂ ਮੰਗਾਂ ਪੂਰੀਆਂ ਕਰਨ ਵੱਲ ਵੀ ਅੱਗੇ ਵਧੇਗੀ।