ਜਥੇਬੰਦੀਆਂ ਨੇ ਕਰੋਨਾ ਸਮੇਂ ਦੇ ਕੇਸ ਰੱਦ ਕਰਾਉਣ ਲਈ ਮੁੱਖ ਮੰਤਰੀ ਕੋਲੋਂ 28 ਸਤੰਬਰ ਖੱਟਕੜ ਕਲਾਂ ਦਾ ਸਮਾਂ ਮੰਗਿਆ
- ਮੁੱਖ ਮੰਤਰੀ ਦੇ ਨਾਂਅ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 23 ਸਤੰਬਰ ,2022
ਕਰੋਨਾ ਸਮੇਂ ਦੇ ਕੇਸ ਰੱਦ ਕਰਾਉਣ ਸਬੰਧੀ 28 ਸਤੰਬਰ ਨੂੰ ਖੱਟਕੜ ਕਲਾਂ ਵਿਖੇ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਲਈ ਸਮਾਂ ਦੇਣ ਸਬੰਧੀ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਸੌਂਪਿਆ।ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਖੱਟਕੜ ਕਲਾਂ ਵਿਖੇ ਸ਼ਹੀਦੇ ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ ਸਮਾਗਮ ਕੀਤਾ ਜਾ ਰਿਹਾ ਹੈ ਜਿਸਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਚੇਚੇ ਤੌਰ ਤੇ ਪਹੁੰਚ ਰਹੇ ਹਨ।ਜਨਤਕ ਜਥੇਬੰਦੀਆਂ ਦੇ ਸਾਂਝੇ ਫਰੰਟ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਜਸਬੀਰ ਦੀਪ, ਸੋਹਣ ਸਿੰਘ ਸਲੇਮਪੁਰੀ, ਭੁਪਿੰਦਰ ਸਿੰਘ ਵੜੈਚ,ਮੁਕੰਦ ਲਾਲ,ਬਿੱਲਾ ਗੁੱਜਰ,ਪ੍ਰਵੀਨ ਕੁਮਾਰ ਨਿਰਾਲਾ, ਗੁਰਨੇਕ ਸਿੰਘ ਚੂਹੜ ਪੁਰ, ਸ਼ਿਵ ਨੰਦਨ ਨੇ ਕਿਹਾ ਕਿ ਕਰੋਨਾ ਕਾਲ ਦੇ ਸਾਲ 2020 ਵਿਚ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਉੱਤੇ ਦਰਜ 17 ਦੇ ਕਰੀਬ ਪੁਲਿਸ ਕੇਸ ਅਧੀਨ ਧਾਰਾ 188,269,270ਆਈ ਪੀ ਸੀ 51 ਡਿਜਾਸਟਰ ਮੈਨੇਜਮੈਂਟ ਐਕਟ ਅਤੇ 03 ਐਪੀਡੈਮਿਕ ਐਕਟ ਤਹਿਤ ਦਰਜ ਕੀਤੇ ਗਏ ਸਨ।10 ਅਗਸਤ ਨੂੰ ਡਿਪਟੀ
ਕਮਿਸ਼ਨਰ, ਪੁਲਿਸ ਅਧਿਕਾਰੀਆਂ ਨਾਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਸੀ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਵਿਚ ਪੰਜਾਬ ਸਰਕਾਰ ਨੇ ਕਰਫਿਊ, ਲੌਕਡਾਉਨ ਅਤੇ ਹੋਰ ਕਈ ਤਰ੍ਹਾਂ ਦੀਆਂ ਸਖਤ ਪਾਬੰਦੀਆਂ ਤਾਂ ਲਾ ਦਿੱਤੀਆਂ ਪਰ ਲੋਕਾਂ ਦੇ ਕਾਰੋਬਾਰਾਂ, ਉਹਨਾਂ ਦੀਆਂ ਲੋੜਾਂ ਦਾ ਹੱਲ ਨਹੀਂ ਕੀਤਾ।ਜਦੋਂ ਜਥੇਬੰਦੀਆਂ ਨੇ ਇਸ ਦੁੱਖ ਦੀ ਘੜੀ ਵਿਚ ਮੁਜਾਹਰੇ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਉੱਤੇ ਪੁਲਸ ਕੇਸ ਦਰਜ ਕਰ ਦਿੱਤੇ ਗਏ।ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਕਾਫੀ ਸਮੇਂ ਤੋਂ ਇਹ ਕੇਸ ਰੱਦ ਕਰਾਉਣ ਦੀ ਮੰਗ ਕਰ ਰਹੀਆਂ ਹਨ ਪਰ ਸਰਕਾਰ ਨੇ ਇਹ ਪੁਲਸ ਕੇਸ ਰੱਦ ਨਹੀਂ ਕੀਤੇ।ਜੇਕਰ ਇਹ ਪੁਲਸ ਕੇਸ ਰੱਦ ਨਾ ਕੀਤੇ ਤਾਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
ਜਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ। |