ਵਿਭਾਗੀ ਟੈਸਟ ਦੇ ਖਿਲਾਫ ਲੈਕਚਰਾਰ ਕੇਡਰ ਵਲੋਂ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ
ਵਿਭਾਗੀ ਟੈਸਟ ਹਰ ਕੇਡਰ ਦੇ ਮੁਲਾਜ਼ਮ ਦਾ ਹੋਵੇਗਾ..ਬਲਦੀਸ਼ ਲਾਲ
ਬੰਗਾ,20 ਅਗਸਤ,2022 (ਪ੍ਰਮੋਦ ਭਾਰਤੀ)
ਪੰਜਾਬ ਸਰਕਾਰ ਵਲੋਂ 2018 ਵਿੱਚ ਪ੍ਰਮੋਸ਼ਨ ਰਾਹੀਂ ਜਾਂ ਨਵ ਨਿਯੁਕਤ ਹੋਏ ਹਰ ਕੇਡਰ ਦੇ ਮੁਲਾਜ਼ਮਾਂ ਲਈ ਨਵੇਂ ਸੇਵਾ ਨਿਯਮਾਂ ਦੇ ਤਹਿਤ ਵਿਭਾਗੀ ਟੈਸਟ ਥੋਪਣ ਦੇ ਖਿਲਾਫ ਲੈਕਚਰਾਰ ਯੂਨੀਅਨ ਤਹਿਸੀਲ ਬੰਗਾ ਦੇ ਲੈਕਚਰਾਰਾਂ ਦੀ ਵਿਸ਼ੇਸ਼ ਮੀਟਿੰਗ ਬੰਗਾ ਵਿਖੇ ਹੋਈ।
ਬੰਗਾ ਵਿਖੇ ਵਿਭਾਗੀ ਪੱਤਰ ਨੂੰ ਰੱਦ ਕਰਨ ਲਈ ਹੋਈ ਮੀਟਿੰਗ ਦੌਰਾਨ ਹਾਜ਼ਿਰ ਲੈਕਚਰਾਰ ਯੂਨੀਅਨ ਦੇ ਆਗੂ |
ਮੀਟਿੰਗ ਦੌਰਾਨ ਲੈਕਚਰਾਰਾਂ ਦੇ ਮਸਲਿਆਂ ਦੇ ਨਾਲ ਨਾਲ ਹਰ ਵਰਗ ਦਾ ਹਿੱਤਾਂ ਦੇ ਹੱਕਾਂ ਲਈ ਗੰਭੀਰ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲੈਕ.ਬਲਦੀਸ਼ ਲਾਲ ਨੇ ਕਿਹਾ ਕਿ ਸਰਕਾਰ ਵਲੋਂ ਵਿਭਾਗੀ ਟੈਸਟ ਦੀ ਆੜ ਹੇਠ 25, 26 ਸਾਲ ਤੱਕ ਸਰਵਿਸ ਕਰਨ ਵਾਲੇ ਅਧਿਆਪਕਾਂ ਦੇ ਨਾਲ ਨਾਲ ਹਰ ਟੈਸਟ ਕਲੀਅਰ ਕਰ ਕੇ ਨੌਕਰੀ ਲੈਣ ਵਾਲੇ ਸਾਰੇ ਮੁਲਾਜ਼ਮਾਂ ਨਾਲ ਧੱਕਾ ਕਰਕੇ ਜਿੱਥੇ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਕੀਤਾ ਜਾ ਰਿਹਾ ਹੈ , ਉੱਥੇ ਹੀ ਟੈਸਟ ਕਲੀਅਰ ਨਾ ਹੋਣ ਦੀ ਸੂਰਤ ਵਿੱਚ ਸਾਲਾਨਾ ਤਰੱਕੀ ਰੋਕਣ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਮੁਲਾਜਮ ਵਰਗ ਨੂੰ ਮਨਜ਼ੂਰ ਨਹੀਂ। ਲੈਕ.ਸਤਨਾਮ ਸਿੰਘ, ਲੈਕ.ਰਾਜਿੰਦਰ ਸ਼ਰਮਾ ਅਤੇ ਲੈਕ ਸੁਰਜੀਤ ਲਾਲ ਮਲੁਪੋਤਾ ਨੇ ਕਿਹਾ ਕਿ ਇਸ ਧੱਕੇ ਦੇ ਖਿਲਾਫ ਜਲਦ ਐਕਸ਼ਨ ਉਲੀਕਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਕਰਨ, ਲੈਕਚਰਾਰ ਕੇਡਰ ਦੇ ਰਿਵਰਸ਼ਨ ਜ਼ੋਨ ਨੂੰ ਖ਼ਤਮ ਕਰਨ , ਵਿਭਾਗ ਵਲੋ ਡੀ ਡੀ ਓ ਨੂੰ ਜਾਰੀ ਪੱਤਰ ਇੰਕਰੀਮੈਂਟ ਰੋਕਣ ਦਾ ਪੱਤਰ ਰੱਦ ਕਰਨ, ਦੀ ਮੰਗ ਕੀਤੀ।ਇਸ ਮੌਕੇ ਲੈਕ.ਸਤਵੀਰ ਸਿੰਘ ਪੱਲੀ ਝਿੱਕੀ, ਲੈਕ ਅਮਰੀਕ ਸਿੰਘ, ਲੈਕ ਸੁਭਾਸ਼ ਸਲਵੀ, ਲੈਕ ਰਾਮ ਲਾਲ, ਲੈਕ ਅੰਮ੍ਰਿਤ ਪਾਲ ਸਿੰਘ, ਲੈਕ ਹਰਜੀਤ ਸਿੰਘ, ਲੈਕ ਬੂਟਾ ਸਿੰਘ ਮਹਿਲ, ਲੈਕ ਰਾਮ ਲੁਭਾਇਆ , ਲੈਕ ਮੁਕੇਸ਼ ਰਾਣੀ ਵੀ ਹਾਜ਼ਿਰ ਸਨ।