ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਖੜ੍ਹੇ ਬਿਜਲੀ ਬਿੱਲ ਮੁਆਫ : ਇੰਜ. ਹਰਵਿੰਦਰ ਸਿਘ ਧੀਮਾਨ
ਮਾਲੇਰਕੋਟਲਾ 07 ਅਗਸਤ :
ਪੰਜਾਬ ਸਰਕਾਰ ਦੁਆਰਾ ਸਾਰੇ ਘਰੇਲੂ ਖਪਤਕਾਰਾਂ ਜਿਹੜੇ ਸਿਰਫ਼ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ (ਘਰੇਲੂ ਸਪਲਾਈ ਦੇ ਸਡਿਊਲ ਆਫ਼ ਟੈਰਿਫ਼ ਅਧੀਨ ਆਉਂਦੇ ਬਾਕੀ ਹੋਰ ਸਾਰੇ ਖਪਤਕਾਰਾਂ ਜਿਵੇਂ ਕਿ ਸਰਕਾਰੀ ਹਸਪਤਾਲ/ਸਰਕਾਰੀ ਡਿਸਪੈਂਸਰੀਆਂ, ਸਾਰੇ ਪੂਜਾ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾ ਅਤੇ ਅਟੈਚਡ ਹੋਸਟਰਾਂ ਨੂੰ ਛੱਡ ਕੇ) ਦੇ ਮਿਤੀ 31 ਦੰਸਬਰ 2021 ਤੱਕ ਦੇ ਬਿਜਲੀ ਬਿਲਾਂ ਵਿੱਚ ਖੜੇ ਬਕਾਏ ਦੀ ਰਕਮ ਅਤੇ ਜਿਸਦਾ ਮਿਤੀ 30 ਜੂਨ 2022 ਤੱਕ ਭੁਗਤਾਨ ਨਹੀਂ ਕੀਤਾ ਗਿਆ, ਨੂੰ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਗੱਲ ਦੀ ਜਾਣਕਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮਾਲੇਰਕੋਟਲਾ ਇੰਜ. ਹਰਵਿੰਦਰ ਸਿਘ ਧੀਮਾਨ ਨੇ ਦਿੱਤੀ ।
ਉਨ੍ਹਾਂ ਹੋਰ ਦੱਸਿਆ ਕਿ 31 ਦਸੰਬਰ 2021 ਤਕ ਦੇ ਬਿਜਲੀ ਬਿਲਾਂ ਵਿੱਚ ਖੜ੍ਹੇ ਬਕਾਏ ਦੀ ਰਕਮ ਦੀ ਅਦਾਇਗੀ ਨਾ ਕਰਨ ਕਾਰਨ ਕੱਟੇ ਗਏ ਅਜਿਹੇ ਬਿਜਲੀ ਦੇ ਕਨੈਕਸ਼ਨਾਂ ਨੂੰ ਖਪਤਕਾਰ ਦੀ ਬੇਨਤੀ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ( ਪੀ.ਐਸ.ਪੀ.ਸੀ.ਐਲ.) ਵੱਲੋਂ ਮੁੜ ਜੋੜਿਆ ਜਾਵੇਗਾ। ਅਜਿਹੇ ਕਟੇ ਗਏ ਕੁਨੈਕਸ਼ਨਾਂ ਨੂੰ ਮੁੜ ਜੋੜਨ ਸਬੰਧੀ ਹੋਣ ਵਾਲੇ ਖਰਚੇ ਸਡਿਊਲ ਆਫ ਜਨਰਲ ਚਾਰਜਿਜ, ਫਿਕਸਡ ਚਾਰਜਿਜ, ਬਿਲ ਭਰਨ ਵਿੱਚ ਹੋਈ ਦੇਰੀ ਦੇ ਕਾਰਨ ਬਣਦੇ ਵਾਧੂ ਚਾਰਜਿਜ ਆਦਿ ਦੀ ਪ੍ਰਤੀਪੂਰਤੀ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਕੀਤੀ ਜਾਵੇਗੀ ।
ਇੰਜ. ਹਰਵਿੰਦਰ ਸਿਘ ਧੀਮਾਨ ਨੇ ਕਿਹਾ ਕਿ ਅਜਿਹੇ ਕੱਟੇ ਹੋਏ ਕੁਨੈਕਸ਼ਨ ਜਿਹਨਾਂ ਨੂੰ ਮੁੜ ਜੋੜਨਾ ਸੰਭਵ ਨਹੀਂ ਹੋਵੇਗਾ, ਬਿਨੇਕਾਰ ਦੀ ਬੇਨਤੀ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਉਸੇ ਜਗ੍ਹਾ ਨਵਾਂ ਕੁਨੈਕਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਵਾਂ ਘਰੇਲੂ ਕੁਨੈਕਸ਼ਨ ਜਾਰੀ ਕਰਨ ਹਿੱਤ ਬਣਦੇ ਸਾਰੇ ਚਾਰਜਿਜ, ਜੋ ਕਿ ਖਪਤਕਾਰ ਵੱਲੋਂ ਅਦਾ ਕਰਨੇ ਬਣਦੇ ਹਨ, ਦੀ ਪ੍ਰਤੀਪੂਰਤੀ ਵੀ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੀਤੀ ਜਾਵੇਗੀ