ਅੰਮ੍ਰਿਤਸਰ ( ): ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵਫ਼ਦ ਦੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਪੈਨਲ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਵਫਦ ਵੱਲੋਂ ਚੋਣ ਵਾਅਦਾ ਪੂਰਾ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਅਤੇ ਅੰਕਡ਼ਿਆਂ ਤੇ ਦਸਤਾਵੇਜ਼ਾਂ ਸਹਿਤ ਆਪਣਾ ਪੱਖ ਰੱਖਿਆ । ਵਿੱਤ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਕੇਵਲ ਜ਼ਬਾਨੀ ਹਾਮੀ ਭਰੀ ਗਈ । ਕੇਂਦਰੀ ਬਜਟ ਵਿਚ ਸੂਬਾ ਮੁਲਾਜ਼ਮਾਂ ਲਈ ਵੀ ਐੱਨਪੀਐੱਸ ਵਿੱਚ ਸਰਕਾਰ ਦੇ ਸਮੁੱਚੇ 14 ਪ੍ਰਤੀਸ਼ਤ ਸ਼ੇਅਰ ਨੂੰ ਕਰ ਮੁਕਤ ਕੀਤੇ ਜਾਣ ਦੇ ਲਏ ਫ਼ੈਸਲੇ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੇ ਜਾਣ ਬਾਰੇ ਵਿੱਤ ਸਕੱਤਰ ਗੁਰਪ੍ਰੀਤ ਕੌਰ ਸਪਰਾ ਨੇ ਨੋਟੀਫਿਕੇਸ਼ਨ ਤਿਆਰ ਹੋਣ ਅਤੇ ਜਲਦ ਜਾਰੀ ਕਰਨ ਦੀ ਜਾਣਕਾਰੀ ਦਿੱਤੀ ।
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਜ਼ੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ,ਜਸਬੀਰ ਭੰਮਾ , ਹਰਵਿੰਦਰ ਅੱਲੂਵਾਲ , ਵਿੱਤ ਸਕੱਤਰ ਜਸਵਿੰਦਰ ਔਜਲਾ ,ਪ੍ਰੈੱਸ ਸਕੱਤਰ ਸੱਤਪਾਲ ਸਿੰਘ ਤੇ ਆਧਾਰਤ ਵਫ਼ਦ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਮੀਟਿੰਗ ਵਿੱਚ ਹਾਜ਼ਰ ਸਨ। ਇਸ ਪੈਨਲ ਮੀਟਿੰਗ ਵਿੱਚ ਵਿੱਤ ਸਕੱਤਰ ਗੁਰਪ੍ਰੀਤ ਕੌਰ ਸਪਰਾ ਅਤੇ ਵਿਸ਼ੇਸ਼ ਸਕੱਤਰ ਮੋਹਿਤ ਤਿਵਾੜੀ ਵੀ ਸ਼ਾਮਲ ਹੋਏ। ਇਸ ਦੌਰਾਨ ਪੀਪੀਐਫ ਫਰੰਟ ਦੇ ਵਫ਼ਦ ਵੱਲੋਂ ਮੁਲਾਜ਼ਮਾਂ ਦਾ ਅੰਕੜਿਆਂ ਸਹਿਤ ਠੋਸ ਪੱਖ ਅਤੇ ਹੋਰ ਸੂਬਿਆਂ ਵਿੱਚ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਮੁੜ ਬਹਾਲ ਕੀਤੇ ਗਏ ਪੁਰਾਣੀ ਪੈਨਸ਼ਨ ਪ੍ਰਣਾਲੀ ਦੇ ਦਸਤਾਵੇਜ਼ ਵੀ ਪੇਸ਼ ਕੀਤੇ ਗਏ । ਵਿੱਤ ਮੰਤਰੀ ਨੂੰ ਉਨ੍ਹਾਂ ਦੇ ਚੋਣ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਰੋਸ ਪ੍ਰਗਟ ਕੀਤਾ ਗਿਆ ਕਿ ਸੱਤਾ ਵਿੱਚ ਆਉਣ ਦੇ ਚਾਰ ਮਹੀਨੇ ਬੀਤਣ ਦੇ ਬਾਵਜੂਦ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਨ ਲਈ ਆਪ ਸਰਕਾਰ ਵੱਲੋਂ ਕੋਈ ਵੀ ਅਮਲੀ ਕਾਰਵਾਈ ਨਹੀਂ ਆਰੰਭੀ ਗਈ । ਵਫ਼ਦ ਵੱਲੋਂ ਵਿੱਤ ਮੰਤਰੀ ਨੂੰ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਚੋਣ ਐਲਾਨ ਵਾਂਗ ਜਨਤਕ ਬਿਆਨ ਜਾਰੀ ਕਰਨ ਅਤੇ ਇਸ ਸਬੰਧੀ ਸਮਾਂ ਸੀਮਾ ਤੈਅ ਕੀਤੇ ਜਾਣ ਦੀ ਕੀਤੀ ਮੰਗ ਬਾਰੇ ਕੋਈ ਹੁੰਗਾਰਾ ਦੇਣ ਦੀ ਬਜਾਏ ਕੇਵਲ ਮਸਲਾ ਸਰਕਾਰ ਦੇ ਧਿਆਨ ਵਿੱਚ ਹੋਣ ਦਾ ਕੇਵਲ ਜ਼ੁਬਾਨੀ ਭਰੋਸਾ ਵੀ ਦਿੱਤਾ ਗਿਆ। ਮੀਟਿੰਗ ਦੌਰਾਨ ਵਿੱਤ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ ਬਾਰੇ ਫਾਇਨਾਂਸ਼ੀਅਲ ਲਿਟਰੇਸੀ ਵਿੱਤੀ ਜਾਗਰੂਕਤਾ ਪ੍ਰੋਗਰਾਮ ਕਰਨ ਦੇ ਸੁਝਾਅ ਨੂੰ ਰੱਦ ਕੀਤਾ ਗਿਆ , ਨਵੀਂ ਪੈਨਸ਼ਨ ਸਕੀਮ ਬਾਰੇ ਜਾਗਰੂਕਤਾ ਪ੍ਰੋਗਰਾਮ ਦੀ ਬਜਾਏ ਸਰਕਾਰ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰੇ ਦੀ ਦਲੀਲ ਰੱਖੀ ਗਈ, ਜਿਸ ਤੇ ਵਿੱਤ ਮੰਤਰੀ ਵੱਲੋਂ ਪਿਛਲੀਆਂ ਸਰਕਾਰਾਂ ਵਾਂਗ ਸੂਬੇ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਦਾ ਤਰਕ ਦੁਹਰਾਇਆ ਗਿਆ । ਮੀਟਿੰਗ ਉਪਰੰਤ ਵਫ਼ਦ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇਕਰ ਆਪ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਇਸੇ ਤਰ੍ਹਾਂ ਦਾ ਢਿੱਲਾ ਰਵੱਈਆ ਜਾਰੀ ਰੱਖਿਆ ਤਾਂ ਸਰਕਾਰ ਨੂੰ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ । ਇਸ ਮੌਕੇ ਨਿਰਮਲ ਸਿੰਘ ਪੱਖੋਂ , ਜਗਜੀਤ ਜਟਾਣਾ ,ਨਿਰਮਲ ਸਿੰਘ ਅੰਮ੍ਰਿਤਸਰ ,ਜਗਪਾਲ ਸਿੰਘ, ਕ੍ਰਿਸ਼ਨ ਚੌਹਾਨਕੇ, ਪਰਗਟ ਸਿੰਘ ਵੀ ਸ਼ਾਮਲ ਸਨ