ਸਿੱਖਿਆ ਮੰਤਰੀ ਅਤੇ ਵਿਧਾਇਕ ਨੇ ਸਕੂਲ 'ਚ ਮਿਡ ਡੇ ਮੀਲ ਦਾ ਖਾਣਾ ਖਾਧਾ
* ਏਸੀ ਕਮਰਿਆਂ ਵਿੱਚ ਬੈਠ ਕੇ ਬਣਾਈਆਂ ਨੀਤੀਆਂ ਨੇ ਸਿੱਖਿਆ ਦਾ ਭੱਠਾ ਬਿਠਾਇਆ: ਮੀਤ ਹੇਅਰ
* ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਸ਼ੁਤਰਾਣਾ ਦੇ ਸਕੂਲਾਂ ਦਾ ਦੌਰਾ
ਪਾਤੜਾਂ 11 ਮਈ ( )
ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਵਿਚ ਸਿੱਖਿਆ ਦੀ ਸਥਿਤੀ ਦਾ ਹੇਠਲੇ ਪੱਧਰ ਜਾਇਜ਼ਾ ਲੈਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਦੌਰਾ ਕੀਤਾ। ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨਾਲ ਉਨ੍ਹਾਂ ਸਰਕਾਰੀ ਕਿਰਤੀ ਕਾਲਜ ਨਿਆਲ, ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ੁਤਰਾਣਾ ਵਿੱਚ ਪਹੁੰਚ ਕੇ ਹਕੀਕਤਾਂ ਦਾ ਜਾਇਜਾ ਲੈਣ ਦੇ ਨਾਲ ਨਾਲ ਕਾਲਜ ਅਤੇ ਸਕੂਲਾਂ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਸਿੱਖਿਆ ਮੰਤਰੀ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਕਾਪੀਆਂ ਚੈੱਕ ਕਰਨ ਉਪਰੰਤ ਮਿੱਡ ਡੇਅ ਮੀਲ ਸਕੀਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਣਿਆ ਹੋਇਆ ਖਾਣਾ ਖਾਧਾ। ਉਪਰੰਤ ਕਾਲਜ ਵਿੱਚ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਪਤਵੰਤੇ ਵਿਅਕਤੀਆਂ ਨਾਲ ਇਲਾਕੇ ਵਿੱਚ ਸਿੱਖਿਆ ਦੇ ਸੁਧਾਰਾਂ ਸਬੰਧੀ ਚਰਚਾ ਕੀਤੀ।
ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੈਕਟਰੀਏਟ ਦੇ ਏਸੀ ਵਾਲੇ ਕਮਰਿਆਂ ਵਿੱਚ ਬੈਠ ਕੇ ਬਣਾਈਆਂ ਨੀਤੀਆਂ ਕਰਕੇ ਹੀ ਸੂਬੇ ਵਿੱਚ ਸਿੱਖਿਆ ਦਾ ਪੱਧਰ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਹੈ । ਆਮ ਆਦਮੀ ਪਾਰਟੀ ਦਾ ਏਜੰਡਾ ਸੂਬੇ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਦੇ ਨਾਲ ਨਾਲ ਸਿੱਖਿਆ ਖੇਤਰ ਵਿੱਚ ਸੁਧਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਉਤੇ ਸਿੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਜਲਦੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਹਲਕਾ ਸ਼ੁਤਰਾਣਾ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਘਾਟ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਭ ਤੋਂ ਪਹਿਲਾ ਕੰਮ ਅਧਿਆਪਕਾਂ ਦੀ ਗਿਣਤੀ ਪੂਰੀ ਕਰਨੀ ਹੋਵੇਗੀ। ਇਸ ਦੌਰਾਨ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਨੂੰ ਕਾਲਜ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਜੁਗਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਾਰੀ ਕਿਰਤੀ ਕਾਲਜ ਨਿਆਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ, ਐਲੂਮਿਨੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਰਤਾਰਪੁਰ, ਸਮਾਜ ਸੇਵੀ ਸੰਤੋਸ਼ ਕੁਮਾਰ ਸਿੰਗਲਾ, ਆਪ ਆਗੂ ਮਹਿੰਗਾ ਸਿੰਘ ਬਰਾੜ, ਸੁਰਜੀਤ ਸਿੰਘ ਫੌਜੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੁਤਰਾਣਾ ਡਾ ਰਾਕੇਸ਼ ਕੁਮਾਰ ਬੱਬਰ, ਸੀਐਚਟੀ ਸ਼ੁਤਰਾਣਾ ਜਗਤਾਰ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਨੂਪ ਅਤੇ ਮੇਜਰ ਸਿੰਘ, ਬੀ ਐਮ ਟੀ ਗੁਰਪਾਲ ਸਿੰਘ, ਬੀਐੱਮਟੀ ਲਖਵਿੰਦਰ ਸਿੰਘ ਪਰਮਜੀਤ ਸਿੰਘ ਤੂਰ ਆਦਿ ਹਾਜ਼ਰ ਸਨ।