ਡੀ.ਟੀ.ਐੱਫ. ਦੀ ਜਨਰਲ ਕੌਂਸਲ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" 'ਤੇ ਹੋਈ ਚਰਚਾ


ਡੀ.ਟੀ.ਐੱਫ. ਦੀ ਜਨਰਲ ਕੌਂਸਲ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" 'ਤੇ ਹੋਈ ਚਰਚਾ //


"ਸੱਤਾ ਦਾ ਕੇਂਦਰੀਕਰਨ, ਜਨਤਕ ਹਿੱਤਾਂ ਲਈ ਗੰਭੀਰ ਚੁਣੌਤੀ" :ਐਡਵੋਕੇਟ ਰਾਜਵਿੰਦਰ ਸਿੰਘ ਬੈਂਸ //


ਕੱਚੇ ਅਧਿਆਪਕਾਂ, ਨਵੀਂਆਂ ਭਰਤੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਮਾਰਚ ਕਰਕੇ ਦਿੱਤਾ 'ਮੰਗ ਪੱਤਰ'  




  9 ਮਈ, ਜਲੰਧਰ ( ): ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਵਲੋਂ ਜਲੰਧਰ ਦੇ ਲਾਇਨਜ਼ ਕਲੱਬ ਵਿਖੇ ਕੀਤੀ ਜਨਰਲ ਕੌਂਸਲ ਦੀ ਦੂਜੀ ਸਲਾਨਾ ਇਕੱਤਰਤਾ ਦੌਰਾਨ 19 ਜਿਲ੍ਹਿਆਂ ਵਿੱਚੋਂ 220 ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। 'ਸੱਤਾ ਦੇ ਵਧਦੇ ਕੇਂਦਰੀਕਰਨ' 'ਤੇ ਚਰਚਾ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਤਕ ਮਾਰਚ ਕਰਕੇ, ਸਭ ਤੋਂ ਵਧੇਰੇ ਸ਼ੋਸ਼ਿਤ ਹਿੱਸਿਆਂ ਕੱਚੇ ਅਧਿਆਪਕਾਂ, ਕੰਪਿਊਟਰ ਫੈਕਲਟੀ, ਨਵੀਂਆਂ ਭਰਤੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਮੁੱਖ ਮੰਤਰੀ ਵੱਲ 'ਮੰਗ ਪੱਤਰ' ਵੀ ਭੇਜਿਆ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਪੜ੍ਹੇ ਐਲਾਨਨਾਮੇ ਅਨੁਸਾਰ, ਇਨ੍ਹਾਂ ਮੰਗਾਂ 'ਤੇ ਹੀ 13 ਮਈ ਨੂੰ ਜਿਲ੍ਹਾ ਪੱਧਰ 'ਤੇ 'ਮੰਗ ਪੱਤਰ' ਦੇਣ, 9 ਜੁਲਾਈ ਨੂੰ ਪੁੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੰਗਰੂਰ ਕਨਵੈਨਸ਼ਨ ਦਾ ਭਰਵਾਂ ਹਿੱਸਾ ਬਣਨ ਅਤੇ 1 ਜੁਲਾਈ ਤੋਂ ਜਥੇਬੰਦੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।


      ਡੀ.ਟੀ.ਐਫ. ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਸਮੁੱਚੀ ਕਾਰਵਾਈ ਸਾਂਝੀ ਕਰਦਿਆਂ ਦੱਸਿਆ ਕਿ, ਪਹਿਲੇ ਸੈਸ਼ਨ ਵਿੱਚ ਝੰਡਾ ਲਹਿਰਾਉਣ ਮੌਕੇ ਸੂਬਾ ਕਮੇਟੀ ਮੈਂਬਰ ਗੁਰਮੁੱਖ ਲੋਕ ਪ੍ਰੇਮੀ ਵੱਲੋਂ ਇਨਕਲਾਬੀ ਗੀਤ ਨਾਲ ਸ਼ੁਰੂਆਤ ਤੋਂ ਬਾਅਦ, ਡੀ.ਟੀ.ਐੱਫ. ਜਲੰਧਰ ਦੇ ਪ੍ਰਧਾਨ ਕੁਲਵਿੰਦਰ ਜੋਸ਼ਨ ਵੱਲੋਂ ਡੈਲੀਗੇਟਾਂ ਦਾ ਸਵਾਗਤ ਕੀਤਾ ਗਿਆ। ਜਿਸ ਉਪਰੰਤ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੜ੍ਹੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਜਿੰਦਰ ਸਿੰਘ ਵਡਾਲਾ ਬਾਂਗਰ ਵੱਲੋਂ ਨਿਭਾਈ ਗਈ। ਦੂਜੇ ਸੈਸ਼ਨ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" ਸਬੰਧੀ ਸੈਮੀਨਾਰ ਵਿੱਚ ਅਤਿੰਦਰਪਾਲ ਘੱਗਾ ਵੱਲੋਂ, 'ਮੁੱਖ ਬੁਲਾਰੇ' ਵਜੋਂ ਪਹੁੰਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਲਈ ਸਵਾਗਤੀ ਸ਼ਬਦਾਂ ਤੋਂ ਇਲਾਵਾ ਸੱਤਾ ਦੇ ਸਭ ਤੋਂ ਭਿਆਨਕ, ਗ਼ੈਰ ਜਮਹੂਰੀ ਅਤੇ ਪਿਛਾਖੜੀ ਰੂਪ "ਫਾਸ਼ੀਵਾਦ" ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ।





 ਐਡਵੋਕੇਟ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ, ਕੇਂਦਰੀਕਰਨ ਦੀ ਨੀਤੀ ਤਹਿਤ ਕਾਰਪੋਰੇਟ ਸੱਤਾ 'ਤੇ ਲਗਾਤਾਰ ਆਪਣਾ ਕੰਟਰੋਲ ਵਧਾ ਰਿਹਾ ਹੈ। ਮੀਡੀਆ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰਦੇ ਹੋਏ, ਸੂਚਨਾਵਾਂ ਰਾਹੀਂ ਲੋਕਾਂ ਦੇ ਦਿਮਾਗ 'ਤੇ ਵੀ ਨਿਯੰਤਰਨ ਕੀਤਾ ਜਾ ਰਿਹਾ ਹੈ। ਐਡਵੋਕੇਟ ਬੈਂਸ ਨੇ ਇਸ ਹੱਲੇ ਦਾ ਟਾਕਰਾ ਕਰਨ ਲਈ ਸਾਂਝੇ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਦਿਆਂ, ਜਥੇਬੰਦ ਹੋਣ ਅਤੇ ਸੰਘਰਸ਼ ਦੀ ਤਿਆਰੀ ਵਿੱਢਣ ਦਾ ਸੱਦਾ ਦਿੱਤਾ। ਇਸੇ ਸੈਸ਼ਨ ਦੌਰਾਨ ਡਾ. ਜਗਦੀਸ਼ ਚੰਦਰ ਨੇ ਦੱਸਿਆ ਕਿ, ਸਰਕਾਰਾਂ ਕਿਵੇਂ ਸਿਹਤ ਦੀਆਂ ਸਮੱਸਿਆਵਾਂ ਦੇ ਡਰ ਖੜ੍ਹੇ ਕਰਕੇ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਜਾ ਰਹੀਆਂ ਹਨ। ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਵੱਲੋਂ ਮੁੱਖ ਬੁਲਾਰੇ ਲਈ ਰੱਖੇ ਧੰਨਵਾਦੀ ਸ਼ਬਦਾਂ ਤੋਂ ਬਾਅਦ, ਬੀਤੇ ਵਿੱਚ ਸਦੀਵੀ ਵਿਛੋੜਾ ਦੇ ਗਏ ਕਿਸਾਨ ਤੇ ਜਨਤਕ ਲਹਿਰ ਦੇ ਸ਼ਹੀਦ ਸਾਥੀ ਦਾਤਾਰ ਸਿੰਘ (ਬਾਨੀ ਪ੍ਰਧਾਨ, ਡੀ.ਟੀ.ਐਫ.) ਅਤੇ ਮਰਹੂਮ ਸਾਥੀ ਅਸ਼ਵਨੀ ਟਿੱਬਾ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਜਿਸ ਮੌਕੇ ਡੀਟੀਐਫ ਆਗੂ ਬਲਵਿੰਦਰ ਕੌਰ ਗੁਰਦਾਸਪੁਰ ਤੋਂ ਇਲਾਵਾ ਸਾਬਕਾ ਆਗੂਆਂ ਗੁਰਬਖਸ਼ੀਸ਼ ਸਿੰਘ ਬਰਾੜ, ਭੁਪਿੰਦਰ ਸਿੰਘ ਵੜੈਚ, ਦਵਿੰਦਰ ਸਿੰਘ ਪੂਨੀਆ, ਜਸਵਿੰਦਰ ਸਿੰਘ ਝਬੇਲਵਾਲੀ ਅਤੇ ਦਰਸ਼ਨ ਸਿੰਘ ਮੌੜ ਦੀ ਵਿਸ਼ੇਸ਼ ਹਾਜ਼ਰੀ ਰਹੀ।


        ਜਨਰਲ ਕੌਂਸਲ ਦੇ ਤੀਜੇ ਸੈਸ਼ਨ ਦੌਰਾਨ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਵਿੱਤ ਦੀ ਸਲਾਨਾ ਰਿਪੋਰਟ ਅਤੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ ਵਲੋਂ ਸੰਵਿਧਾਨਕ ਸੋਧਾਂ ਦਾ ਖਰੜਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਊਸ ਨੇ ਸਰਵਸੰਮਤ ਪ੍ਰਵਾਨਗੀ ਦਿੱਤੀ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਆਰਥਿਕਤਾਵਾਦ ਤੋਂ ਸੁਚੇਤ ਰਹਿੰਦਿਆਂ, ਡੀ.ਟੀ.ਐਫ. ਨੂੰ ਇਨਕਲਾਬੀ ਲੀਹਾਂ 'ਤੇ ਅੱਗੇ ਵਧਾਉਣ ਅਤੇ ਸਾਮਰਾਜ ਤੇ ਫਿਰਕਾਪ੍ਰਸਤੀ ਖ਼ਿਲਾਫ਼ ਲੋਕ ਲਹਿਰਾਂ ਦਾ ਸਹਿਯੋਗੀ ਹਿੱਸਾ ਬਣਨ ਦਾ ਸੱਦਾ ਦਿੱਤਾ। ਇਸ ਮੌਕੇ ਪਿਛਲੇ ਸਮੇਂ ਦੌਰਾਨ ਹੋਈ ਸ਼ਰਤਾ ਅਧਾਰਿਤ ਏਕਤਾ ਪ੍ਰਕਿਰਿਆ ਨੂੰ ਸੰਪੂਰਨ ਕਰਦੇ ਹੋਏ, 3582 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਫੀਪੁਰ ਨੇ ਆਪਣੀ ਜਥੇਬੰਦੀ ਨੂੰ ਡੀ.ਟੀ.ਐਫ. ਦਾ ਅਭਿੰਨ ਹਿੱਸਾ ਬਨਾਉਣ ਦਾ ਐਲਾਨ ਕੀਤਾ। ਤੀਜੇ ਸੈਸ਼ਨ ਦੀ ਸਟੇਜ ਨੂੰ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ ਅਤੇ ਜਗਪਾਲ ਬੰਗੀ ਨੇ ਸੰਚਾਲਿਤ ਕੀਤਾ। ਸਾਥੀ ਗੁਰਮੀਤ ਸੁਖਪੁਰ ਨੂੰ ਜਥੇਬੰਦਕ ਵਿਦਾਇਗੀ ਤੇ ਸਨਮਾਨ ਦੇਣ ਉਪਰੰਤ, ਸੂਬਾ ਕਮੇਟੀ ਮੈਂਬਰ ਬੇਅੰਤ ਫੂਲੇਵਾਲ ਦੀ ਸੂਬਾ ਮੀਤ ਪ੍ਰਧਾਨ ਅਤੇ ਨਿਰਮਲ ਚੁਹਾਣਕੇ ਦੀ ਕਾਰਜਕਾਰੀ ਸੂਬਾ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ। ਜਨਰਲ ਕੌਂਸਲ ਦੇ ਅੰਤ ਵਿੱਚ ਸੂਬਾ ਪ੍ਰਧਾਨ ਨੇ ਸਰਗਰਮੀਆਂ ਵਿੱਚੋਂ ਮਿਲੇ ਸਬਕ ਤੇ ਸਿੱਟਿਆਂ ਤੇ ਚਰਚਾ ਕਰਦਿਆਂ, ਵਿਭਾਗ ਤੇ ਸਰਕਾਰ ਪੱਧਰ ਦੀਆਂ ਮੰਗਾਂ-ਮਸਲਿਆਂ ਅਤੇ ਜਮਹੂਰੀ ਕਾਰਜਾਂ ਲਈ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰ ਵਰਗਾਂ ਨਾਲ ਸਾਂਝੇ ਫਰੰਟਾਂ ਵਿੱਚ ਸਿਧਾਂਤਕ ਅਸੂਲਾਂ 'ਤੇ ਪਹਿਰਾ ਦਿੰਦਿਆਂ ਏਕਤਾ ਤੇ ਸੰਘਰਸ਼ ਦੀ ਭਾਵਨਾ ਨੂੰ ਮਜਬੂਤ ਕਰਨ ਦਾ ਸੁਨੇਹਾ ਦਿੱਤਾ। 


   ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡੀ.ਐਮ.ਐਫ. ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੇ ਸੂਬਾ ਆਗੂ ਮਮਤਾ ਸ਼ਰਮਾ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਰਘਬੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਸਿੰਘ ਔਜਲਾ, ਨਛੱਤਰ ਸਿੰਘ ਤਰਨਤਾਰਨ, ਪਵਨ ਕੁਮਾਰ ਮੁਕਤਸਰ, ਤੇਜਿੰਦਰ ਸਿੰਘ, ਸੁਖਦੇਵ ਡਾਨਸੀਵਾਲ, ਮਹਿੰਦਰ ਫ਼ਾਜ਼ਿਲਕਾ, ਸੁਖਵਿੰਦਰ ਗਿਰ, ਪਰਮਿੰਦਰ ਮਾਨਸਾ, ਸੁਖਦੇਵ ਸਿਘ, ਮੁਲਖ ਰਾਜ, ਪ੍ਰਿ: ਲਖਵਿੰਦਰ ਸਿੰਘ, ਕੇਵਲ ਕੁਮਾਰ ਪਠਾਨਕੋਟ, ਵਿਕਰਮਜੀਤ ਮਲੇਰਕੋਟਲਾ, ਜੈਮਲ ਸਿੰਘ ਕਪੂਰਥਲਾ ਅਤੇ ਗਿਆਨ ਚੰਦ ਰੂਪਨਗਰ ਆਦਿ ਸ਼ਾਮਿਲ ਰਹੇ।





ਜਾਰੀ ਕਰਤਾ...

ਪਵਨ ਕੁਮਾਰ,9878610601

 ਪ੍ਰੈੱਸ ਸਕੱਤਰ  

ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends