ਰੈਲੀ ਦੌਰਾਨ ਚੋਣ ਕਮਿਸ਼ਨ ਤੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ’ਤੇ ਬਸਪਾ-ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨਛੱਤਰ ਪਾਲ ਨੂੰ ਨੋਟਿਸ
ਨਵਾਂਸ਼ਹਿਰ, 8 ਫਰਵਰੀ, 2022
ਉਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫ਼ਸਰ ਨਵਾਂਸ਼ਹਿਰ-047, ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਵੱਲੋਂ ਲੰਘੀ 8 ਫ਼ਰਵਰੀ ਨੂੰ ਅਨਾਜ ਮੰਡੀ, ਨਵਾਂਸ਼ਹਿਰ ਵਿੱਚ ਕੀਤੀ ਰੈਲੀ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਬਸਪਾ-ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਛੱਤਰ ਪਾਲ ਨੂੰ ਨੋਟਿਸ ਜਾਰੀ ਕੀਤਾ ਹੈ।
ਰਿਟਰਨਿੰਗ ਅਫ਼ਸਰ ਨੇ ਵੀਡੀਓ ਸਰਵੇਲੈਂਸ ਟੀਮ ਵੱਲੋਂ ਪੇਸ਼ ਕੀਤੀ ਗਈ ਰੈਲੀ ਦੀ ਵੀਡੀਓਗ੍ਰਾਫੀ ਰਿਪੋਰਟ ਦਾ ਨੋਟਿਸ ਲੈਂਦਿਆਂ ਕਿਹਾ ਕਿ ਕੋਵਿਡ-19 ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਚੋਣ ਰੈਲੀ ਕਰਨ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ।
ਡਾ. ਢਿੱਲੋਂ ਅਨੁਸਾਰ ਬਸਪਾ-ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਛੱਤਰ ਪਾਲ ਵੱਲੋਂ 24 ਘੰਟਿਆਂ ਵਿੱਚ ਜਵਾਬ ਦੇਣ ’ਚ ਅਸਫ਼ਲ ਰਹਿਣ ’ਤੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਨਿਰਦੇਸ਼ਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।