ਡੀਸੀ ਅਤੇ ਐਸ ਐਸ ਪੀ ਨੇ ਸਾਂਝੇ ਤੌਰ ’ਤੇ ਸਟਰਾਂਗ ਰੂਮਾਂ ਦਾ ਦੌਰਾ ਕੀਤਾ
ਸੁਰੱਖਿਆ ਟੀਮਾਂ ਨੂੰ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਮੁਸਤੈਦ ਰਹਿਣ ਦੀ ਹਦਾਇਤ
ਪੋਲਿੰਗ ਪਾਰਟੀਆਂ ਦੀ ਰਵਾਨਗੀ ਅਤੇ ਵਾਪਸੀ ਕੇਂਦਰਾਂ ’ਤੇ ਟ੍ਰੈਫਿਕ ਪਲਾਨ ਬਾਰੇ ਵੀ ਚਰਚਾ ਕੀਤੀ
ਇਸ ਵਾਰ ਗਿਣਤੀ ਆਰ.ਓ. ਪੱਧਰ ’ਤੇ ਕੀਤੀ ਜਾਵੇਗੀ
ਨਵਾਂਸ਼ਹਿਰ, 19 ਜਨਵਰੀ:
ਈ ਵੀ ਐਮ ਮਸ਼ੀਨਾਂ ਦੀ ਰੈਂਡੇਮਾਈਜੇਸ਼ਨ ਦੇ ਪਹਿਲੇ ਗੇੜ ਦੇ ਮੁਕੰਮਲ ਹੋਣ ਤੋਂ ਬਾਅਦ ਸਟਰਾਂਗ ਰੂਮਾਂ, ਜਿੱਥੇ ਈ.ਵੀ.ਐਮਜ਼ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ, ਦਾ ਬੁੱਧਵਾਰ ਨੂੰ ਸਾਂਝਾ ਦੌਰਾ ਕਰਦਿਆਂ ਡੀ ਸੀ ਵਿਸ਼ੇਸ਼ ਸਾਰੰਗਲ ਅਤੇ ਐਸ ਐਸ ਪੀ ਕੰਵਰਦੀਪ ਕੌਰ ਨੇ ਉੱਥੇ ਤਾਇਨਾਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਈ.ਵੀ.ਐਮਜ਼ ਦੀ ਸੁਰੱਖਿਆ ਸਖ਼ਤ ਅਤੇ ਸੰਜੀਦਗੀ ਨਾਲ ਕਰਨ।
ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਰੱਖਣ ਲਈ ਈ.ਵੀ.ਐਮਜ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਮਸ਼ੀਨਾਂ ਦੀ ਸੁਚੱਜੇ ਢੰਗ ਨਾਲ ਸੁਰੱਖਿਆ ਕਰਨਾ ਸਾਡਾ ਪ੍ਰਮੁੱਖ ਫਰਜ਼ ਹੈ।
ਜੀ.ਐਨ.ਕਾਲਜ ਬੰਗਾ ਜਿੱਥੇ ‘ਡਿਸਪੈਚ ਅਤੇ ਰਸੀਟ’ ਦੋਵੇਂ ਕੇਂਦਰ ਤਿਆਰ ਕੀਤੇ ਗਏ ਹਨ, ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਵੋਟਾਂ ਦੀ ਗਿਣਤੀ ਵੀ ਇਸੇ ਥਾਂ ’ਤੇ ਹੀ ਹੋਵੇਗੀ। ਉਨ੍ਹਾਂ ਐਸ.ਐਸ.ਪੀ ਨੂੰ ਕਿਹਾ ਕਿ ਉਹ ਸੁਰੱਖਿਆ ਸਬੰਧੀ ਢੁਕਵੀਂ ਤਾਇਨਾਤੀ ਯੋਜਨਾ ਉਲੀਕਣ ਤਾਂ ਜੋ ਪਹਿਲਾਂ ਤੋਂ ਹੀ ਸੁਚਾਰੂ ਪ੍ਰਬੰਧ ਕੀਤੇ ਜਾ ਸਕਣ।
ਉਨ੍ਹਾਂ ਉੱਥੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਈ ਵੀ ਐਮਜ਼ ਦੀ ਸਾਂਭ-ਸੰਭਾਲ ਦੀ ਵੀ ਜਾਂਚ ਕੀਤੀ ਅਤੇ ਸਟਰਾਂਗ ਰੂਮਾਂ ਦੀ ਰਾਖੀ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਇਸ ਖੇਤਰ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਅਧਿਕਾਰੀਆਂ ਦੀ ਐਂਟਰੀ ਨੂੰ ਵੀ ਇੱਕ ਵਿਸ਼ੇਸ਼ ਲਾਗ ਬੁੱਕ ਵਿੱਚ ਦਰਜ ਕੀਤਾ ਜਾਵੇ।
ਬਲਾਚੌਰ ਵਿਖੇ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡੀ ਸੀ ਅਤੇ ਐਸ ਐਸ ਪੀ ਨੇ ਦੱਸਿਆ ਕਿ ਇਸ ਸਥਾਨ ਤੋਂ ਬਲਾਚੌਰ ਵਿਧਾਨ ਸਭਾ ਹਲਕੇ ਲਈ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਜਾਣਗੀਆਂ ਜਦਕਿ ਮਸ਼ੀਨਾਂ ਦੀ ਵਾਪਸੀ ਅਤੇ ਗਿਣਤੀ ਦੇ ਪ੍ਰਬੰਧ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਵਿਖੇ ਕੀਤੇ ਗਏ ਹਨ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੋਲਿੰਗ ਪਾਰਟੀਆਂ ਨੂੰ ਦੋਵਾਂ ਥਾਵਾਂ ਤੋਂ ਭੇਜਣ ਅਤੇ ਵਾਪਸੀ ਲਈ ਅਗਾਊਂ ਟ੍ਰੈਫਿਕ ਯੋਜਨਾ ਬਣਾਉਣ ਲਈ ਵੀ ਕਿਹਾ।
ਰਾਹੋਂ ਦੇ ਦੋਆਬਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਛੋਕਰਾਂ ਵਿਖੇ ਐਸ ਪੀ (ਐਚ) ਮਨਵਿੰਦਰਬੀਰ ਸਿੰਘ ਨਾਲ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਸਾਰੰਗਲ ਨੇ ਸਟਰਾਂਗ ਰੂਮ ਅਤੇ ਗਿਣਤੀ ਹਾਲ ਦਾ ਨਿਰੀਖਣ ਕੀਤਾ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਸਬੰਧੀ ਜ਼ਰੂਰੀ ਨਿਰਦੇਸ਼ ਦਿੱਤੇ ਤਾਂ ਜੋ ਈ.ਵੀ.ਐਮਜ਼ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਜਾ ਸਕੇ। ਉਨ੍ਹਾਂ ਤਹਿਸੀਲਦਾਰ ਨਵਾਂਸ਼ਹਿਰ ਅਮਰਜੀਤ ਸਿੰਘ ਸਿੱਧੂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਝ ਕੁ ਬਦਲਾਅ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦਿਸ਼ਾ-ਨਿਰਦੇਸ਼ਾਂ ਦੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪਹਿਲਾਂ ਵਾਲੀ ਇਕਹਿਰੀ ਥਾਂ ’ਤੇ ਭੀੜ ਨੂੰ ਘੱਟ ਕਰਨ ਲਈ ਤਿੰਨ ਵੱਖਰੇ ਗਿਣਤੀ ਕੇਂਦਰ ਬਣਾਏ ਜਾਣ ਦਾ ਇਹ ਪਹਿਲਾ ਮੌਕਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਕੋਵਿਡ-19 ਸਾਵਧਾਨੀ ਉਪਾਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਹਰੇਕ ਗਿਣਤੀ ਕੇਂਦਰਾਂ ’ਤੇ 7-7 ਗਿਣਤੀ ਟੇਬਲਾਂ ਵਾਲੇ ਦੋ-ਦੋ ਹਾਲ ਬਣਾਏ ਜਾਣਗੇ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐਸ ਐਸ ਪੀ ਕੰਵਰਦੀਪ ਕੌਰ ਜ਼ਿਲ੍ਹੇ ’ਚ ਈ ਵੀ ਐਮਜ਼ ਮਸ਼ੀਨਾਂ ਰੱਖਣ ਲਈ ਬਣਾਏ ਗਏ ਸਟਰਾਂਗ ਰੂਮਜ਼ ਅਤੇ ਗਿਣਤੀ ਕੇਂਦਰਾਂ ਦੇ ਪ੍ਰਬੰਧ ਦੇਖਦੇ ਹੋਏ। |