ਖਰਚ ਨਿਗਰਾਨ ਕਮੇਟੀਆਂ ਸ਼ੈਡੋ ਰਜਿਸਟਰਾਂ ਰਾਹੀਂ ਰੱਖਣਗੀਆਂ ਚੋਣ ਖਰਚੇ ’ਤੇ ਨਜ਼ਰ
ਵੱਖ-ਵੱਖ ਟੀਮਾਂ ਰਾਹੀਂ ਉਮੀਦਵਾਰਾਂ ਵੱਲੋਂ ਕੀਤੇ ਹਰੇਕ ਖਰਚ ਨੂੰ ਰਿਕਾਰਡ ’ਤੇ ਲਿਆਂਦਾ ਜਾਵੇਗਾ-ਵਧੀਕ ਡਿਪਟੀ ਕਮਿਸ਼ਨਰ
ਸਹਾਇਕ ਖਰਚਾ ਨਿਗਰਾਨਾਂ ਤੇ ਲੇਖਾ ਟੀਮਾਂ ਨਾਲ ਮੀਟਿੰਗ
ਨਵਾਂਸ਼ਹਿਰ, 12 ਜਨਵਰੀ-
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਜਸਵੀਰ ਸਿੰਘ ਵੱਲੋਂ ਅੱਜ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ, ਸਹਾਇਕ ਖਰਚਾ ਨਿਗਰਾਨਾਂ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਗਠਿਤ ਲੇਖਾਂ ਟੀਮਾਂ ਦੇ ਮੈਂਬਰਾਂ ਦੀ ਮੀਟਿੰਗ ਕਰਕੇ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਪ੍ਰਤੀ ਜਾਣਕਾਰੀ ਦਿੱਤੀ ਗਈ ਉੱਥੇ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਦਿਨ ਤੋਂ ਆਪਣੀ ਡਿਊਟੀ ਪੂਰੀ ਸਰਗਰਮੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਖਰਚ ਨਿਗਰਾਨ ਟੀਮਾਂ ਦਾ ਅਸਲ ਕੰਮ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਹੀ ਸ਼ੁਰੂ ਹੋਵੇਗਾ ਅਤੇ ਇਹ ਕਮੇਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੀਆਂ ਸਹਾਇਕ ਕਮੇਟੀਆਂ ਤੇ ਟੀਮਾਂ ਰਾਹੀਂ ਉਮੀਦਵਾਰਾਂ ਦੇ ਲੁਕਵੇਂ ਖਰਚੇ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਨੂੰ ਸ਼ੈਡੋ ਰਜਿਸਟਰ ਵਿੱਚ ਦਰਜ ਕਰਨ। ਉਨ੍ਹਾਂ ਕਿਹਾ ਕਿ ਇਸ ਸ਼ੈਡੋ ਰਜਿਸਟਰ ਨੂੰ ਉਮੀਦਵਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਖਰਚਾ ਰਜਿਸਟਰ ਨਾਲ ਮਿਲਾਇਆ ਜਾਵੇਗਾ ਅਤੇ ਉਸ ਵੱਲੋਂ ਛੱਡੇ ਗਏ ਖਰਚਿਆਂ ਨੂੰ ਉਸ ਦੇ ਖਾਤੇ ਵਿੱਚ ਜੋੜ ਦਿੱਤਾ ਜਾਵੇਗਾ।
ਉਨ੍ਹਾਂ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਨਿਰਪੱਖਤਾ ਤੇ ਨਿੱਡਰਤਾ ਕਾਇਮ ਰੱਖਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਖਰਚਾ ਨਿਗਰਾਨ (ਅਕਸਪੈਂਡੀਚਰ ਅਬਜ਼ਰਵਰ) ਦੇ ਨਾਲ ਸਹਾਇਕ ਖਰਚਾ ਨਿਗਰਾਨ, ਫਲਾਇੰਗ ਸਕੂਐਡ ਤੇ ਸਟੈਟਿਕ ਸਰਵੇਲੈਂਸ ਟੀਮਾਂ, ਵੀਡਿਓ ਸਰਵੇਲੈਂਸ ਟੀਮਾਂ, ਵੀਡਿਓ ਵੀੳੂਇੰਗ ਟੀਮਾਂ, ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ, ਅਕਾਊਂਟਿੰਗ ਟੀਮਾਂ, ਆਮਦਨ ਕਰ ਵਿਭਾਗ ਅਤੇ ਸ਼ਰਾਬ ਅਤੇ ਡਰੱਗ ਮੋਨੀਟਰਿੰਗ ਟੀਮ ਬਣਾਈ ਗਈ ਹੈ।
ਉਨ੍ਹਾਂ ਨੇ ਅਕਾਊਂਟਿੰਗ ਟੀਮਾਂ ਦੇ ਕੰਮ ਨੂੰ ਸਭ ਤੋਂ ਮਹੱਤਵਪੂਰਣ ਕਰਾਰ ਦਿੰਦਿਆਂ ਆਖਿਆ ਕਿ ਜਦੋਂ ਵੀ ਕਿਸੇ ਵਿਧਾਨ ਸਭਾ ਹਲਕੇ ਵਿੱਚ ਕੋਈ ਪਾਰਟੀ ਰੈਲੀ ਕਰੇਗੀ ਤਾਂ ਸਟੈਟਿਕ ਸਰਵੇਲੈਂਸ ਟੀਮਾਂ, ਵੀਡਿਓ ਵਿਊਇੰਗ ਟੀਮਾਂ ਦੇ ਸਹਿਯੋਗ ਨਾਲ ਉਸ ਰੈਲੀ ’ਤੇ ਖਰਚ ਹੋਏ ਖਰਚ ਦੀ ਤਫ਼ਸੀਲ ਸਬੰਧਤ ਫ਼ਾਰਮੈਟ ਵਿੱਚ ਭਰ ਕੇ ਦੇਣਗੀਆਂ ਅਤੇ ਅਕਾਊਂਟਿੰਗ ਟੀਮ ਉਸ ਦਾ ਅਸਲ ਖਰਚ ਕੱਢੇਗੀ, ਜੋ ਬਾਅਦ ਵਿੱਚ ਸ਼ੈਡੋ ਰਜਿਸਟਰ ਵਿੱਚ ਦਰਜ ਕਰਨ ਉਪਰੰਤ ਇਸ ਨੂੰ ਉਮੀਦਵਾਰ ਦੇ ਖਾਤੇ ਵਿੱਚ ਜੋੜ ਦੇਵੇਗੀ। ਉਨ੍ਹਾਂ ਦੱਸਿਆ ਕਿ ਇਹ ਖਰਚਾ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਮਦਾਂ ਦੇ ਨਿਰਧਾਰਿਤ ਮੁੱਲ/ਕੀਮਤ ਸੂਚੀ ਮੁਤਾਬਕ ਦਰਜ ਹੋਵੇਗਾ।
ਉਨ੍ਹਾਂ ਲੇਖਾ ਟੀਮਾਂ ਦੇ ਇੰਚਾਰਜਾਂ ਨੂੰ ਹਦਾਇਤ ਦਿੰਦਿਆਂ ਆਖਿਆ ਕਿ ਜਦੋਂ ਵੀ ਵੀਡਿਓ ਸਰਵੇਲੈਂਸ ਟੀਮ ਵੱਲੋਂ ਕਿਸੇ ਰੈਲੀ ਦੀ ਵੀਡਿਓਗ੍ਰਾਫ਼ੀ ਕੀਤੀ ਜਾਵੇ ਤਾਂ ਉਸ ਵਿੱਚ ਬੋਲ ਕੇ ਸਬੰਧਤ ਸਥਾਨ ਦਾ ਨਾਂ, ਕੁਰਸੀਆਂ ਦੀ ਲਗਪਗ ਗਿਣਤੀ, ਲੋਕਾਂ ਦੀ ਅਨੁਮਾਨਿਤ ਤਾਦਾਦ, ਚਾਹ-ਪਕੌੜੇ ਆਦਿ ਦਾ ਲੰਗਰ ਤੇ ਹੋਰ ਪ੍ਰਬੰਧਾਂ ਨੂੰ ਦਰਜ ਕੀਤਾ ਜਾਵੇ ਤਾਂ ਜੋ ਅਕਾਊਂਟਿੰਗ ਟੀਮਾਂ ਨੂੰ ਬਾਅਦ ਵਿੱਚ ਖਰਚ ਅਨੁਮਾਨ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਕੇਵਲ 40 ਲੱਖ ਰੁਪਏ ਖਰਚਣ ਦੀ ਆਗਿਆ ਹੈ। ਇਸ ਤੋਂ ਇਲਾਵਾ ਉਸ ਲਈ 10 ਹਜ਼ਾਰ ਤੋਂ ਉੱਤੇ ਹਰੇਕ ਅਦਾਇਗੀ ਅਤੇ ਚੰਦਾ ਹਾਸਲ ਕਰਨਾ ਚੈੱਕ/ਡਰਾਫ਼ਟ ਰਾਹੀਂ ਲਾਜ਼ਮੀ ਹੋਵੇਗਾ, ਪਰ ਇਹ ਸਾਰਾ ਖਰਚ ਉਸ ਵੱਲੋਂ ਚੋਣ ਮੁਹਿੰਮ ਲਈ ਖੋਲ੍ਹੇ ਵਿਸ਼ੇਸ਼ ਬੈਂਕ ਖਾਤੇ ਰਾਹੀਂ ਹੀ ਕੀਤਾ ਜਾਵੇਗਾ। ਇਸ ਖਰਚ ਦੌਰਾਨ ਉਸ ਵੱਲੋਂ ਕੀਤੇ ਜਾਣ ਵਾਲੇ ਲੁਕਵੇਂ ਖਰਚ ਨੂੰ ਖਰਚ ਨਿਗਰਾਨ ਕਮੇਟੀ ਵੱਲੋਂ ਆਪਣੇ ਸ਼ੈਡੋ ਰਜਿਸਟਰ ਵਿੱਚ ਦਰਜ ਕਰਕੇ ਚੋਣ ਕਮਿਸ਼ਨ ਨੂੰ ਇਸ ਦੀ ਰਿਪੋਰਟ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਫਲਾਇੰਗ ਸਕੂਐਡ ਵੱਲੋਂ ਕਿਸੇ ਵੀ ਵਾਹਨ ਵਿੱਚੋਂ 50 ਹਜ਼ਾਰ ਤੋਂ ਵਧੇਰੇ ਕੈਸ਼ ਬਰਾਮਦ ਹੋਣ ’ਤੇ ਵੀ ਤੁਰੰਤ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੂਚਿਤ ਕਰਨ ਬਾਰੇ ਆਖਿਆ ਗਿਆ। ਇਸੇ ਤਰ੍ਹਾਂ ਉਮੀਦਵਾਰਾਂ ਦੇ ਖਾਤੇ ’ਚੋਂ ਇੱਕ ਲੱਖ ਤੋਂ ਵਧੇਰੇ ਅਤੇ ਬੈਂਕਾਂ ’ਚੋਂ 10 ਲੱਖ ਤੋਂ ਵਧੇਰੇ ਦੇ ਹੋਏ ਲੈਣ-ਦੇਣ ਬਾਰੇ ਵੀ ਤੁਰੰਤ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੇਣ ਬਾਰੇ ਕਿਹਾ ਗਿਆ।
ਉਨ੍ਹਾਂ ਨੇ ਸਹਾਇਕ ਖਰਚਾ ਨਿਗਰਾਨਾਂ, ਲੇਖਾ ਕਮੇਟੀਆਂ ਤੇ ਸਹਾਇਕ ਕਮੇਟੀਆਂ/ਟੀਮਾਂ ਨੂੰ ਆਪਣਾ ਕੰਮ ਇਮਾਨਦਾਰੀ, ਨਿਰਪੱਖਤਾ ਤੇ ਨਿਪੁੰਨਤਾ ਨਾਲ ਕਰਨ ਲਈ ਵੀ ਆਖਿਆ ਗਿਆ।
ਇਸ ਮੌਕੇ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮਜ਼ ’ਚ ਡਾ. ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ, ਨਵਨੀਤ ਕੌਰ ਬੱਲ ਬੰਗਾ ਅਤੇ ਦੀਪਕ ਰੋਹਿਲਾ ਬਲਾਚੌਰ ਤੋਂ ਇਲਾਵਾ ਆਮਦਨ ਕਰ ਅਫ਼ਸਰ ਨਵਾਂਸ਼ਹਿਰ ਅਨਿਲ ਭੱਟੀ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਨਗੋ ਪਲਵਿੰਦਰ ਸਿੰਘ ਪ੍ਰਮੁੱਖ ਤੌਰ ’ਤੇ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਸਹਾਇਕ ਖਰਚਾ ਨਿਗਰਾਨਾਂ ਅਤੇ ਲੇਖਾ ਟੀਮਾਂ ਨਾਲ ਬੁੱਧਵਾਰ ਨੂੰ ਵਿਧਾਨ ਸਭਾ ਚੋਣਾਂ-2022 ’ਚ ਉਮੀਦਵਾਰਾਂ ਦੇ ਖਰਚੇ ’ਤੇ ਨਿਗ੍ਹਾ ਰੱਖਣ ਸਬੰਧੀ ਮੀਟਿੰਗ ਕਰਦੇ ਹੋਏ। |