ਸਿੱਖਿਆ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਾ ਸਕੀਮਾਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ
ਐੱਸ.ਏ.ਐੱਸ. ਨਗਰ 15 ਜਨਵਰੀ ( ਚਾਨੀ) ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਨੁਸੂਚਿਤ ਜਾਤੀਆਂ/ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮਾਂ ਦਾ ਲਾਭ ਦੇਣ ਲਈ ਡਾ. ਬੀ.ਆਰ ਅੰਬੇਦਕਰ ਐੱਸ. ਸੀ. ਪੋਸਟ ਸਕਾਲਰਸ਼ਿਪ ਸਕੀਮ ਤਹਿਤ ਪੋਰਟਲ ਤੇ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਸੰਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸਿਪ ਫਾਰ ਐੱਸ. ਸੀ./ਓ. ਬੀ. ਸੀ. ਸਕੀਮ ਅਧੀਨ ਅਤੇ ਪੰਜਾਬ ਸਟੇਟ ਪੱਧਰੀ ਡਾ. ਬੀ. ਆਰ. ਅੰਬੇਦਕਰ ਐੱਸ. ਸੀ. ਪੋਸਟ ਸਕਾਲਰਸ਼ਿਪ ਸਕੀਮ ਤਹਿਤ ਸਾਲ 2021-22 ਲਈ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ, ਸੈਕਸ਼ਨ ਅਤੇ ਲਾਗੂ ਕਰਤਾ ਵਿਭਾਗਾਂ ਲਈ ਡਾ. ਅੰਬੇਦਕਰ ਪੋਰਟਲ ਦਾ ਰਿਵਾਇਜ਼ਡ ਐਕਟੀਵਿਟੀ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਕੀਤੇ ਇਸ ਰਿਵਾਇਜ਼ਡ ਸ਼ਡਿਊਲ ਅਨੁਸਾਰ ਐੱਸ.ਸੀ/ਓ.ਬੀ.ਸੀ ਵਿਦਿਆਰਥੀਆਂ ਲਈ ਮਿਤੀ 6 ਜਨਵਰੀ 2022 ਤੋਂ ਪੋਰਟਲ ਖੁੱਲ੍ਹਾ ਹੈ। ਵਿਭਾਗ ਵੱਲੋਂ ਵਿੱਦਿਅਕ ਸੰਸਥਾਵਾਂ ਲਈ ਕੰਪਲੀਟ ਕੇਸ ਭੇਜਣ ਲਈ ਮਿਤੀ ਵਿੱਚ 31 ਜਨਵਰੀ 2022 ਤੱਕ ਵਾਧਾ ਕੀਤਾ ਗਿਆ ਹੈ। ਇਹਨਾਂ ਵਜੀਫਾ਼ ਸੰਬੰਧੀ ਕੇਸਾਂ ਨੂੰ ਅਪਰੂਵ/ ਸੈਕਸ਼ਨ ਕਰਨ ਦੀ ਮਿਤੀ 10 ਫਰਵਰੀ 2022 ਤੱਕ ਵਧਾਈ ਗਈ ਹੈ। ਵਿਭਾਗਾਂ ਵੱਲੋਂ ਸੈਂਕਸ਼ਨਡ/ਅਪਰੂਵਡ ਕੇਸਾਂ ਨੂੰ ਭਲਾਈ ਵਿਭਾਗ ਨੂੰ ਭੇਜਣ ਦੀ ਮਿਤੀ ਵਿੱਚ 15 ਫਰਵਰੀ 2022 ਤੱਕ ਵਾਧਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ.ਸਕੀਮ ਲਈ ਵਿਦਿਆਰਥੀਆਂ ਵੱਲੋਂ ਫਰੀਸ਼ਿਪ ਕਾਰਡ ਅਪਲਾਈ ਕਰਨ ਲਈ ਅੰਤਿਮ ਮੌਕਾ ਦਿੰਦੇ ਹੋਏ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 25 ਜਨਵਰੀ 2022 ਤੱਕ ਸਾਰਿਆਂ ਲਈ ਖੋਲ੍ਹਿਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਵਜ਼ੀਫਾ ਸਕੀਮਾਂ ਦਾ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਜਾਰੀ ਕੀਤੇ ਇਸ ਨਵੇਂ ਸ਼ਡਿਊਲ ਤੋਂ ਜਾਣੂ ਕਰਵਾਇਆ ਜਾਵੇ ਅਤੇ ਸਾਰੇ ਯੋਗ ਵਿਦਿਆਰਥੀਆਂ ਦਾ ਅਪਲਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ।