ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ 4.95 ਲੱਖ ਵੋਟਰ, 7722 ਨਵੇਂ ਵੋਟਰ ਸ਼ਾਮਲ
ਏ ਡੀ ਸੀ ਨੇ ਅੰਤਿਮ ਵੋਟਰ ਸੂਚੀ ਸਿਆਸੀ ਪਾਰਟੀਆਂ ਨੂੰ ਸੌਂਪੀ
ਵੋਟਰ ਸੂਚੀ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ 'ਤੇ ਉਪਲਬਧ
ਨਵਾਂਸ਼ਹਿਰ, 6 ਜਨਵਰੀ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅੰਤਿਮ ਵੋਟਰ ਸੂਚੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਕੁੱਲ 4,95,257 ਵੋਟਰ ਹੋਣਗੇ। ਇਸ ਵਿੱਚ ਪਹਿਲੀ ਨਵੰਬਰ, 2021 ਤੋਂ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕੁੱਲ 7722 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ।
ਅਗਾਮੀ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਆਗੂਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਸੌਂਪਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਦੱਸਿਆ 1 ਨਵੰਬਰ, 2021 ਨੂੰ ਪ੍ਰਕਾਸ਼ਿਤ ਨਵੀਂ ਵੋਟਰ ਸੂਚੀ 'ਚ ਪਿਛਲੀ ਵੋਟਰ ਸੂਚੀ ਦੇ ਮੁਕਾਬਲੇ ਕੁੱਲ 7722y ਵੋਟਰਾਂ ਦਾ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚ 3786 ਮਰਦ, 3934 ਮਹਿਲਾ ਅਤੇ ਦੋ ਤੀਸਰੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ 1 ਨਵੰਬਰ, 2021 ਦੀ ਵਿਸ਼ੇਸ਼ ਸਰਸਰੀ ਸੁਧਾਈ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਕੁੱਲ 4,87,535 ਵੋਟਰ ਸਨ ਜਿਨ੍ਹਾਂ ਵਿੱਚ 2,51,907 ਮਰਦ, 2,35,608 ਔਰਤਾਂ ਅਤੇ 20 ਤੀਜੇ ਲਿੰਗ ਦੇ ਵੋਟਰ ਸਨ ਅਤੇ ਹੁਣ ਇਸ ਵਿੱਚ 2,55,693 ਮਰਦ, 2,39,542 ਔਰਤਾਂ ਅਤੇ 22 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੁਧਾਈ ਦੌਰਾਨ ਸੰਭਾਵੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੈਨਾਂ, ਰੈਲੀਆਂ, ਸੈਮੀਨਾਰਾਂ ਸਮੇਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਵਾਧਾ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਇੱਕ ਕਦਮ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਪਿੱਛੇ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ 2022 ਦਾ ਮੁੱਖ ਉਦੇਸ਼ 1 ਜਨਵਰੀ 2022 ਦੀ ਯੋਗਤਾ ਮਿਤੀ ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਮਤਦਾਤਾ ਵਜੋਂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣਾ ਅਤੇ ਵੋਟਰ ਸੂਚੀਆਂ 'ਚ ਦਰੁਸਤੀ ਦੇ ਮੌਕੇ ਪ੍ਰਦਾਨ ਕਰਨਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਵੈੱਬਸਾਈਟਾਂ www.eci.nic.in ਅਤੇ www.ceopunjab.gov.in 'ਤੇ ਵੀ ਵੋਟਰ ਸੂਚੀ ਦੀ ਜਾਂਚ ਕਰ ਸਕਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਇਹ ਅੰਤਿਮ ਵੋਟਰ ਸੂਚੀ ਹੈ ਪਰ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਅਪਡੇਟ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਅਤੇ ਕੋਈ ਵੀ ਵਿਅਕਤੀ ਉਸ ਸਮੇਂ ਤੱਕ ਆਨਲਾਈਨ ਜਾਂ ਆਫ਼ਲਾਈਨ ਤਰੀਕਿਆਂ ਰਾਹੀਂ ਆਪਣੀ ਵੋਟ ਬਣਾ ਸਕਦਾ ਹੈ।
ਇਸ ਮੌਕੇ ਸੀ.ਪੀ.ਆਈ ਤੋਂ ਮੁਕੰਦ ਲਾਲ, ਅਕਾਲੀ ਦਲ ਤੋਂ ਨਰਿੰਦਰ ਸਿੰਘ, ਆਪ ਤੋਂ ਤੇਜਿੰਦਰ ਪਾਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਭਿਸ਼ੇਕ ਜੈਨ ਅਤੇ ਬਸਪਾ ਤੋਂ ਸਰਬਜੀਤ ਜਾਫਰਪੁਰ ਹਾਜ਼ਰ ਸਨ।