ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਆਗਮਨ ਦਿਵਸ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ
ਮਜਾਰੀ ਤੋਂ ਰਾਮਸਰ ਮੋਕਸ਼ ਧਾਮ ਅਤੇ ਸਿੰਘਪੁਰ ਤੋਂ ਕਾਠਗੜ੍ਹ ਸੜਕਾਂ ਦਾ ਨਾਮ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਮਾਰਗ ਰੱਖਣ ਦਾ ਐਲਾਨ
ਭੂਰੀਵਾਲੇ ਐਜੂਕੇਸ਼ਨ ਟਰੱਸਟ ਦੀ ਲਾਇਬਰੇਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਟਰੱਸਟ ਨੂੰ ਸੌਂਪਿਆ
ਇਤਿਹਾਸਿਕ ਧਾਰਮਿਕ ਸਰੋਵਰ ਮਾਲੇਵਾਲ ਸੰਗਤਾਂ ਲਈ ਵਿਰਾਸਤੀ ਕੇਂਦਰ ਵਜੋਂ ਜਲਦ ਪੂਰਾ ਹੋਵੇਗਾ
ਬਲਾਚੌਰ , 4 ਜਨਵਰੀ:( ਪ੍ਰਮੋਦ ਭਾਰਤੀ)
ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਦੂਸਰੇ ਮੁੱਖੀ ਬ੍ਰਹਮਲੀਨ ਸਤਿਗੁਰੂ ਲਾਲ ਦਾਸ ਜੀ ਭੂਰੀਵਾਲਿਆਂ ਦੇ ਆਗਮਨ ਦਿਵਸ ਸਬੰਧੀ ਭੇਖ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਰਾਮਸਰ ਮੋਕਸ਼ ਧਾਮ (ਟੱਪਰੀਆਂ ਖੁਰਦ) ਵਿਖੇ ਕਰਵਾਏ ਸਮਾਗਮਾਂ ਵਿੱਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਸਮੇਤ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਣ ਪੁੱਜੇ।
ਉਨ੍ਹਾਂ ਇਸ ਮੌਕੇ ਆਖਿਆ ਕਿ ਸੰਤਾਂ-ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਹੋਣ ਨਾਲ ਜੀਵਨ ਸਫ਼ਲ ਹੁੰਦਾ ਅਤੇ ਅਜਿਹੇ ਪਵਿੱਤਰ ਸਥਾਨ ’ਤੇ ਆ ਕਿ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਦੁਨਿਆਵੀ ਜੀਵ ਹੋਣ ਦੇ ਨਾਤੇ ਸਾਡੇ ਜਾਣੇ-ਅਣਜਾਣੇ ’ਚ ਹੋਏ ਬੁਰੇ ਕੰਮ ਜਾਂ ਕੁਤਾਹੀ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਬਖਸ਼ੇ ਜਾਂਦੇ ਹਨ ਅਤੇ ਇਹ ਪਵਿੱਤਰ ਸਥਾਨ ਸਾਡੇ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ।
ਸ. ਬਾਦਲ ਨੇ ਸਤਿਗੁਰੂ ਰਕਬੇ ਵਾਲਿਆਂ ਦੇ ਆਗਮਨ ਦਿਵਸ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਇਤਿਹਾਸਿਕ ਧਾਰਮਿਕ ਸਰੋਵਰ ਮਾਲੇਵਾਲ ਲਈ ਪੰਜਾਬ ਸਰਕਾਰ ਵੱਲੋਂ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਵਿਸ਼ੇਸ਼ ਯਤਨਾਂ ਸਦਕਾ ਤਿੰਨ ਕਰੋੜ ਦੇ ਕਰੀਬ ਰਾਸ਼ੀ ਨਾਲ ਸ਼ੁਰੂ ਕਰਵਾਇਆ ਨਿਰਮਾਣ ਕਾਰਜ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਸਰੋਵਰ ਸੰਗਤਾਂ ਲਈ ਆਸਥਾ ਦਾ ਮਨੋਹਰ ਕੇਂਦਰ ਤੇ ਵਿਰਾਸਤੀ ਸਥਾਨ ਬਣ ਕੇ ਉਭਰੇਗਾ।
ਵਿੱਤ ਮੰਤਰੀ ਨੇ ਇਸ ਮੌਕੇ ਸੰਗਤਾਂ ਦੀ ਮੰਗ ’ਤੇ ਮਜਾਰੀ ਤੋਂ ਰਾਮਸਰ ਮੋਕਸ਼ ਧਾਮ ਅਤੇ ਸਿੰਘਪੁਰ ਤੋਂ ਕਾਠਗੜ੍ਹ ਸੜਕਾਂ ਦਾ ਨਾਮ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਮਾਰਗ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਨੇ ਭੂਰੀਵਾਲੇ ਐਜੂਕੇਸ਼ਨ ਟ੍ਰੱਸਟ ਦੀ ਲਾਇਬਰੇਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਇਸ ਮੌਕੇ ਸੌਂਪਿਆ।
ਉਨ੍ਹਾਂ ਨੇ ਐਮ ਐਲ ਏ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਹਲਕਾ ਬਲਾਚੌਰ ਪ੍ਰਤੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੀ ਜਾ ਰਹੀ ਜੀਅ-ਤੋੜ ਕੋਸ਼ਿਸ਼ ਹੋਰਨਾਂ ਨੁਮਾਇੰਦਿਆਂ ਲਈ ਮਿਸਾਲ ਬਣੀ ਹੈ।
ਚੌਧਰੀ ਦਰਸ਼ਨ ਲਾਲ ਨੇ ਇਸ ਮੌਕੇ ਸੰਪਰਦਾ ਦੇ ਮਹਾਂਪੁਰਸ਼ਾਂ ਪਾਸੋਂ ਮਿਲਦੇ ਆਸ਼ੀਰਵਾਦ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਹਲਕੇ ਦੇ ਵਿਕਾਸ ਲਈ ਮਿਲਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਹਰਬੰਸ ਲਾਲ ਕਿਸਾਨਾ ਸੀਨੀਅਰ ਕਾਂਗਰਸੀ ਤੇ ਚੇਅਰਮੈਨ ਸ਼ੂਗਰ ਮਿੱਲ, ਸੰਦੀਪ ਭਾਟੀਆ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰਜੀਤ ਜਾਡਲੀ ਚੇਅਰਮੈਨ, ਅਜੇ ਮੰਗੂਪੁਰ, ਤਰਸੇਮ ਚੰਦਿਆਣੀ, ਮਦਨ ਲਾਲ ਹਕਲਾ ਅਤੇ ਬਲਾਕ ਬਲਾਚੌਰ ਦੇ ਸ਼ਹਿਰੀ ਪ੍ਰਧਾਨ ਰਾਜਿੰਦ ਛਿੰਦੀ ਵੀ ਮੌਜੂਦ ਸਨ।
ਰਾਮਸਰ ਮੋਕਸ਼ ਧਾਮ (ਟੱਪਰੀਆਂ ਖੁਰਦ) ਪੁੱਜੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਤੇ ਹੋਰਨਾਂ ਨਾਲ ਦਿਖਾਈ ਦੇ ਰਹੇ ਹਨ |