Tuesday, 25 January 2022

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਲਈ ਪ੍ਰਬੰਧਾਂ ਬਾਰੇ ਖਰਚਾ ਨਿਗਰਾਨ ਨੂੰ ਜਾਣੂੰ ਕਰਵਾਇਆ

 ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਲਈ ਪ੍ਰਬੰਧਾਂ ਬਾਰੇ ਖਰਚਾ ਨਿਗਰਾਨ ਨੂੰ ਜਾਣੂੰ ਕਰਵਾਇਆ


ਜ਼ਿਲ੍ਹਾ ਪ੍ਰਸਾਸ਼ਨ ਨੇ ਖਰਚਾ ਨਿਗਰਾਨ ਨੂੰ ਜ਼ਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਵਚਨਬੱਧਤਾ ਦੁਹਰਾਈ


ਨਵਾਂਸ਼ਹਿਰ, 25 ਜਨਵਰੀ


ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਜ਼ਿਲ੍ਹੇ ਲਈ ਤਾਇਨਾਤ ਚੋਣ ਖਰਚਾ ਨਿਗਰਾਨ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਖਰਚੇ ਦੀ ਨਿਗਰਾਨੀ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਖਰਚਾ ਨਿਗਰਾਨ ਆਈ ਆਰ ਐਸ ਅਧਿਕਾਰੀ ਜੈਸ਼ੰਕਰ ਪ੍ਰਕਾਸ਼ ਉਪਾਧਿਆਏ ਨਾਲ ਇੱਕ ਵਰਚੁਅਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।


 ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਹਲਕੇ ਵਿੱਚ ਨੌਂ ਸਟੈਟਿਕ ਸਰਵੇਲੈਂਸ ਟੀਮਾਂ (ਐਸਐਸਟੀ), ਫਲਾਇੰਗ ਸਕੁਐਡ ਟੀਮਾਂ (ਐਫਐਸਟੀ), ਵੀਡੀਓ ਸਰਵੀਲੈਂਸ ਟੀਮਾਂ (ਵੀਐਸਟੀ) ਗਠਿਤ ਕਰਨ ਤੋਂ ਇਲਾਵਾ ਤਿੰਨ ਵੀਡੀਓ ਦੇਖਣ ਵਾਲੀਆਂ ਟੀਮਾਂ, ਸਹਾਇਕ ਖਰਚਾ ਨਿਗਰਾਨ ਅਤੇ ਇੱਕ ਲੇਖਾ ਟੀਮ ਵੀ ਬਣਾਈ ਗਈ ਹੈ।


 ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਿੱਚ ਵਿੱਤੀ ਮਾਮਲਿਆਂ ਵਿੱਚ ਮੁਹਾਰਤ ਰੱਖਣ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।


 ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਦਾ ਹਿਸਾਬ ਕਿਤਾਬ ਰੱਖਣ ਲਈ 'ਸ਼ੈਡੋ ਰਜਿਸਟਰ' ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਫਿਰ ਇਨ੍ਹਾਂ ਰਜਿਸਟਰਾਂ ਦਾ ਮਿਲਾਣ ਉਮੀਦਵਾਰਾਂ ਦੁਆਰਾ ਬਣਾਏ ਗਏ ਰਜਿਸਟਰਾਂ ਨਾਲ ਨਿਯਮਤ ਅੰਤਰਾਲਾਂ 'ਤੇ ਕੀਤਾ ਜਾਵੇਗਾ।


 ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਰਚਾ ਨਿਗਰਾਨ ਟੀਮਾਂ ਦੇ ਕੰਮਕਾਜ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।


  ਚੋਣ ਖਰਚਾ ਨਿਗਰਾਨ ਨੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦੇ ਦਿਨਾਂ ਦੌਰਾਨ ਇਨ੍ਹਾਂ ਟੀਮਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਡਿਊਟੀ ਲਈ ਬਕਾਇਦਾ ਸਿਖਲਾਈ ਦਾ ਆਯੋਜਨ ਕੀਤਾ ਗਿਆ ਹੈ। ਖਰਚਾ ਨਿਗਰਾਨ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਮੀਦਵਾਰਾਂ ਦੇ ਵੱਖ-ਵੱਖ ਅਖ਼ਬਾਰੀ ਜਾਂ ਇਲੈਕਟ੍ਰਾਨਿਕ ਜਾਂ ਸੋਸ਼ਲ ਮੀਡੀਆ ਵਿੱਚ ਇਸ਼ਤਿਹਾਰਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ।


 ਐਸ.ਐਸ.ਪੀ ਕੰਵਰਦੀਪ ਕੌਰ ਨੇ ਖਰਚਾ ਆਬਜ਼ਰਵਰ ਨੂੰ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੋਣ ਮਾਹੌਲ ਨੂੰ ਬਿਨਾਂ ਡਰ ਅਤੇ ਭੈਅ ਦੇ ਨੇਪਰੇ ਚਾੜ੍ਹਨ ਲਈ ਅਤੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਲੋਭ ਲਾਲਚ ਦੇ ਪ੍ਰਭਾਵ ਤੋਂ ਬਚਾਉਣ ਲਈ ਕੀਤੀ ਨਾਕਾਬੰਦੀ ਅਤੇ ਪੁਲਿਸ ਪੈਟ੍ਰੋਲਿੰਗ ਪ੍ਰਬੰਧਾਂ ਬਾਰੇ ਜਾਣੂੰ ਕਰਵਾਇਆ।


 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸ.ਡੀ.ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ ਆਦਿ ਹਾਜ਼ਰ ਸਨ।

Trending

RECENT UPDATES

Today's Highlight