ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕੋਵਿਡ-19 ਦੇ ਇਲਾਜ ਸਬੰਧੀ ਆਪਣੇ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਨੂੰ ਸੋਧਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਸਰਕਾਰ ਨੇ ਡਾਕਟਰਾਂ ਨੂੰ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਵਿੱਚ ਸਟੀਰੌਇਡ ਦੀ ਵਰਤੋਂ ਤੋਂ ਬਚਣ ਲਈ ਕਿਹਾ ਹੈ। ਸਰਕਾਰ ਦਾ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਨੇ ਕੋਰੋਨਾ ਦੀ ਦੂਜੀ ਲਹਿਰ 'ਚ ਸਟੀਰੌਇਡ ਦਵਾਈਆਂ ਦੀ ਜ਼ਿਆਦਾ ਵਰਤੋਂ 'ਤੇ ਅਫਸੋਸ ਪ੍ਰਗਟਾਇਆ ਸੀ। ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਅਧੀਨ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS), ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR)-ਕੋਵਿਡ-19 ਨੈਸ਼ਨਲ ਟਾਸਕ ਫੋਰਸ ਅਤੇ ਜੁਆਇੰਟ ਮਾਨੀਟਰਿੰਗ ਗਰੁੱਪ (DGHS) ਵੱਲੋਂ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਟੀਰੌਇਡ ਵਾਲੀਆਂ ਦਵਾਈਆਂ ਸੈਕੰਡਰੀ ਲਾਗਾਂ ਦੇ ਜੋਖਮ ਨੂੰ ਵਧਾ ਸਕਦੀਆਂ ਹਨ ਜਿਵੇਂ ਕਿ ਮਿਊਕੋਰਮਾਈਕੋਸਿਸ ਜਾਂ ਬਲੈਕ ਫੰਗਸ ਜੇਕਰ ਪਹਿਲਾਂ, ਜਾਂ ਵੱਧ ਖੁਰਾਕਾਂ 'ਤੇ, ਜਾਂ ਲੰਬੇ ਸਮੇਂ ਲਈ ਵਰਤਿਆ ਜਾਂਦਾ ਹੈ।
ਨਵੀਂ ਗਾਈਡਲਾਈਨ 'ਚ ਕੋਰੋਨਾ ਦੇ ਹਲਕੇ, ਦਰਮਿਆਨੇ ਅਤੇ ਗੰਭੀਰ ਲੱਛਣਾਂ ਲਈ ਵੱਖ-ਵੱਖ ਦਵਾਈਆਂ ਦੀ ਖੁਰਾਕ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਦੋ-ਤਿੰਨ ਹਫ਼ਤਿਆਂ ਤੱਕ ਖੰਘ ਠੀਕ ਨਹੀਂ ਹੋ ਰਹੀ ਤਾਂ ਉਸ ਨੂੰ ਟੀਬੀ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਬਿਮਾਰੀ ਦਾ ਟੈਸਟ ਕਰਵਾਉਣਾ ਚਾਹੀਦਾ ਹੈ।