ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਦਾ ਲੋਹੜਾ ਬਾਲਿਆ
ਕੱਚੇ ਮੁਲਾਜ਼ਮ ਪੱਕੇ ਨਾ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ ਕੱਟੇ ਗਏ ਭੱਤੇ ਬਹਾਲ ਨਾ ਕਰਨ ਖ਼ਿਲਾਫ਼ ਰੋਸ
ਕਾਂਗਰਸ ਸਰਕਾਰ ਨੂੰ ਚੋਣ ਜਾਬਤੇ ਦੌਰਾਨ ਵੀ ਘੇਰਨ ਦਾ ਅਮਲ ਸ਼ੁਰੂ
ਅੰਮ੍ਰਿਤਸਰ, 13 ਜਨਵਰੀ:
ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਅਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਪੀਲ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਵੱਖ ਵੱਖ ਥਾਵਾਂ 'ਤੇ ਅਧਿਆਪਕਾਂ, ਜੰਗਲਾਤ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਹੋਰ ਕਈ ਵਿਭਾਗਾਂ ਦੇ ਮੁਲਾਜ਼ਮਾਂ ਨੇ ਕਾਂਗਰਸੀ ਹਾਕਮਾਂ ਦੇ ਧੱਕੇ ਖ਼ਿਲਾਫ਼ ਪੰਜਾਬ ਦੀ ਨਾਬਰੀ ਦੇ ਪ੍ਰਤੀਕ 'ਦੁੱਲਾ ਭੱਟੀ' ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸੰਘਰਸ਼ੀ ਲੋਹੜੀ ਮਨਾਈ ਅਤੇ ਵੱਖ ਵੱਖ ਥਾਵਾਂ 'ਤੇ ਮੁਲਾਜ਼ਮ ਮੰਗਾਂ ਨੂੰ ਮਿੱਟੀ ਘੱਟੇ ਰੋਲਣ ਵਾਲੀ ਕਾਂਗਰਸ ਦੇ ਲਾਰਿਆਂ ਦੀ ਲੋਹੜੀ ਬਾਲ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀਆਂ ਤਸਵੀਰਾਂ ਅਤੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਇਸ ਮੌਕੇ ਮੁਲਾਜ਼ਮ ਆਗੂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਮਮਤਾ ਸ਼ਰਮਾਂ ਅਤੇ ਰਛਪਾਲ ਸਿੰਘ ਜੋਧਾਨਗਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿੱਚ 36 ਹਜ਼ਾਰ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠੇ ਇਸ਼ਤਿਹਾਰ ਲਗਾ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ, ਉਥੇ ਹੀ ਖਾਲੀ ਅਸਾਮੀਆਂ 'ਤੇ ਕੋਈ ਵੀ ਭਰਤੀ ਨਾ ਕਰਕੇ ਬੇ-ਰੁਜ਼ਗਾਰ ਨੌਂਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਕੰਮ ਕਰਦੀਆਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ।
6ਵੇਂ ਤਨਖਾਹ ਕਮਿਸ਼ਨ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਪੇ-ਫਿਕਸੇਸ਼ਨ 'ਤੇ 2.72 ਗੁਣਾਂਕ ਲਾਗੂ ਨਹੀਂ ਕੀਤਾ। ਮੁਲਾਜ਼ਮਾਂ ਨੂੰ ਪਹਿਲਾਂ ਤੋਂ ਮਿਲ ਰਹੇ ਪੇਂਡੂ ਏਰੀਆ ਭੱਤਾ, ਬਾਰਡਰ ਏਰੀਆ ਭੱਤਾ ਅਤੇ ਅੰਗਹੀਣ ਭੱਤੇ ਸਮੇਤ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. ਦੇ ਲਾਭ ਰੋਕ ਲਏ ਗਏ ਹਨ। ਪਰਖ ਸਮਾਂ ਐਕਟ-2015 ਰੱਦ ਨਹੀਂ ਕੀਤਾ ਅਤੇ 01-01-16 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਪਰਖ ਸਮੇਂ ਦੇ ਸਾਰੇ ਬਕਾਏ ਦੱਬ ਲਏ ਹਨ। 01-01-04 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਹੀਂ ਕੀਤੀ ਗਈ ਅਤੇ ਨਾ ਹੀ 17 ਜੁਲਾਈ 2020 ਤੋਂ ਬਾਅਦ ਵਾਲੇ ਮੁਲਾਜ਼ਮਾਂ ‘ਤੇ ਪੰਜਾਬ ਦਾ ਤਨਖਾਹ ਸਕੇਲ ਲਾਗੂ ਕੀਤਾ ਹੈ। ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਗਿਆ। 180 ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਮੁੱਢਲੇ ਭਰਤੀ ਇਸ਼ਤਿਹਾਰ ਅਨੁਸਾਰ ਪੰਜਾਬ ਦੇ ਸਕੇਲ ਲਾਗੂ ਨਹੀਂ ਕੀਤੇ ਗਏ।
ਇਸੇ ਤਰ੍ਹਾਂ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਪੈਂਡਿੰਗ ਵਿਕਟੇਮਾਈਜ਼ੇਸ਼ਨਾਂ ਰੱਦ ਨਹੀਂ ਕੀਤੀਆਂ, ਓ.ਡੀ.ਐਲ. ਵਾਲੇ 3442, 7654 ਅਤੇ 5178 ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਗਏ ਹਨ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ।
ਇਹਨਾ ਰੋਸ ਪ੍ਰਦਰਸ਼ਨਾਂ ਵਿੱਚ ਗੁਰਬਿੰਦਰ ਸਿੰਘ ਖਹਿਰਾ, ਹਰਿੰਦਰ ਕੁਮਾਰ ਐਮਾਂ, ਗੁਰਦੀਪ ਸਿੰਘ ਕਲੇਰ, ਰਾਜੇਸ਼ ਪ੍ਰਾਸ਼ਰ, ਗੁਰਦੇਵ ਸਿੰਘ ਬਾਸਰਕੇ ਅਤੇ ਸੁਖਜਿੰਦਰ ਸਿੰਘ ਰਈਆ ਵੀ ਹਾਜਰ ਸਨ।