ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਰੰਗ ਹਰਜਿੰਦਰ ਨੂੰ ਮਿਲਿਆ ਭਾਈ ਜੈਤਾ ਜੀ ਐਵਾਰਡ
ਲੰਬੇ ਸਮੇਂ ਤੋਂ ਰੰਗਮੰਚ, ਫ਼ਿਲਮਾਂ ਅਤੇ ਅਧਿਆਪਨ ਕਾਰਜਾਂ ਨਾਲ਼ ਕਰ ਰਿਹਾ ਹੈ ਸਮਾਜ ਦੀ ਸੇਵਾ
ਚੰਡੀਗੜ੍ਹ 24 ਦਸੰਬਰ (ਹਰਦੀਪ ਸਿੰਘ ਸਿੱਧੂ )ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਡਾਇਨਾਮਿਕ ਗਰੁੱਪ ਆਫ਼ ਰੰਘਰੇਟਾਜ਼ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ 19 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਗਿਆ। ਪਿਛਲੇ ਕਈ ਸਾਲਾਂ ਤੋਂ ਇਹ ਸੰਸਥਾ ਸ. ਗੁਰਦੇਵ ਸਿੰਘ ਸਹੋਤਾ ਆਈ.ਪੀ.ਐੱਸ, ਏ.ਡੀ.ਜੀ.ਪੀ (ਰਿਟਾਇਰਡ), ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕਾਰਜ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਨੂੰ ਭਾਈ ਜੈਤਾ ਜੀ ਐਵਾਰਡ ਨਾਲ਼ ਸਨਮਾਨਿਤ ਕਰਦੀ ਆ ਰਹੀ ਹੈ। ਇਸ ਸਾਲ 19 ਦਸੰਬਰ ਨੂੰ ਉੱਘੇ ਰੰਗਕਰਮੀ ਰੰਗ ਹਰਜਿੰਦਰ ਨੂੰ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਭਾਈ ਜੈਤਾ ਜੀ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਰੰਗ ਹਰਜਿੰਦਰ ਪਿਛਲੇ ਲੰਬੇ ਸਮੇਂ ਤੋਂ ਰੰਗਮੰਚ, ਫ਼ਿਲਮ ਅਤੇ ਅਧਿਆਪਨ ਕਾਰਜਾਂ ਨਾਲ਼ ਆਪਣੇ ਸਮਾਜ ਦੀ ਸੇਵਾ ਕਰ ਰਿਹਾ ਹੈ। ਰੰਗ ਹਰਜਿੰਦਰ ਪਿਛਲੇ 25 ਸਾਲਾਂ ਤੋਂ ਪੰਜਾਬੀ ਰੰਗਮੰਚ ਨਾਲ਼ ਜੁੜ ਕੇ ਸਮਾਜ ਦੀਆਂ ਵੱਖ-ਵੱਖ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਲਘੂ ਫ਼ਿਲਮਾਂ ਰਾਹੀਂ ਸਮਾਜ ਦੇ ਵੱਖ-ਵੱਖ ਚਲੰਤ ਮੁੱਦਿਆਂ ਨੂੰ ਛੂਹ ਕੇ ਸਮਾਜ ਨੂੰ ਸੇਧ ਦੇ ਰਿਹਾ ਹੈ। ਰੰਗ ਹਰਜਿੰਦਰ ਬਹੁਤ ਸਾਰੀਆਂ ਪੰਜਾਬੀ ਫ਼ੀਚਰ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਬਤੌਰ ਅਦਾਕਾਰ ਕੰਮ ਕਰ ਚੁੱਕਾ ਹੈ। ਰੰਗ ਹਰਜਿੰਦਰ ਬਤੌਰ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਸੁਖੀਆ ਜ਼ਿਲ੍ਹਾ ਫ਼ਰੀਦਕੋਟ ਵਿਖੇ ਸੇਵਾ ਨਿਭਾ ਰਿਹਾ ਹੈ। ਆਪਣੀ ਵਿਲੱਖਣ ਪ੍ਰਤੀਭਾ ਕਾਰਨ ਸਕੂਲ ਸਿੱਖਿਆ ਵਿਭਾਗ ਵਿੱਚ ਪਿਛਲੇ ਲੰਬੇ ਸਮੇਂ ਤੋੰ ਸਟੇਟ ਰਿਸੋਰਸ ਪਰਸਨ, ਪੰਜਾਬੀ ਕੰਮ ਕਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕਾ ਹੈ ਅਤੇ ਅੱਜ-ਕੱਲ੍ਹ ਨੈਤਿਕ ਕਦਰਾਂ ਕੀਮਤਾਂ ਨਾਲ਼ ਜੁੜੇ ਨਵੇਂ ਵਿਸ਼ੇ ਸੁਆਗਤ ਜ਼ਿੰਦਗੀ ਦੇ ਬਤੌਰ ਸਟੇਟ ਰਿਸੋਰਸ ਪਰਸਨ ਕੰਮ ਕਰ ਰਿਹਾ ਹੈ। ਸਿੱਖਿਆ ਵਿਭਾਗ ਵਿੱਚ ਸ਼ੁਰੂ ਹੋ ਰਹੇ ‘ਲਿੰਗ ਸਮਾਨਤਾ ਪ੍ਰਾਜੈਕਟ’ ਦੇ ਬਤੌਰ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਕੰਮ ਕਰ ਰਿਹਾ ਹੈ। ਰੰਗ ਹਰਜਿੰਦਰ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਅਤੇ ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ ਦਾ ਸਰਗਰਮ ਮੈਂਬਰ ਹੈ। ਇਹਨਾਂ ਨੇ ਜਿੱਥੇ ਕੋਵਿਡ-19 ਦੌਰਾਨ ਸਮਾਜ ਸੇਵਾ ਕੀਤੀ ਉੱਥੇ ਅਧਿਆਪਨ ਦੇ ਖੇਤਰ ਵਿੱਚ ਵੀ ਵਿਲੱਖਣ ਪ੍ਰਯੋਗ ਕੀਤੇ। ਕਿਰਸਾਨੀ ਸੰਘਰਸ਼ ਦੌਰਾਨ ਆਪਣੀ ਟੀਮ ਨਾਲ਼ ਨੁੱਕੜ ਨਾਟਕਾਂ ਰਾਹੀਂ ਸੰਘਰਸ਼ ਦੇ ਮੈਦਾਨ ਵਿੱਚ ਲੜਦਾ ਰਿਹਾ। ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਨਾਟਕ ਕਰਨ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ’ਤੇ ਵੀ ਹਕੂਮਤ ਨੂੰ ਵੰਗਾਰਦਾ ਰਿਹਾ। ਰੰਗ ਹਰਜਿੰਦਰ ਦੀ ਇਸ ਪ੍ਰਾਪਤੀ 'ਤੇ ਨਾਟਕਕਾਰ ਤੇ ਫ਼ਿਲਮਸਾਜ ਡਾ. ਪਾਲੀ ਭੁਪਿੰਦਰ ਸਿੰਘ, ਨਾਟਕ ਨਿਰਦੇਸ਼ਕ ਕੀਰਤੀ ਕਿਰਪਾਲ, ਖੁਸ਼ਵੰਤ ਬਰਗਾੜੀ ਪ੍ਰਧਾਨ ਪੀਪਲਜ਼ ਫੋਰਮ ਬਰਗਾੜੀ, ਪ੍ਰਿੰਸੀਪਲ ਸੰਜੀਵ ਕੁਮਾਰ ਦੂਆ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਡਾ.ਜਗਦੀਪ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ.ਸੰਦੀਪ ਸ਼ਰਮਾ ਸ਼ਾਇਰ ਗੁਰਪ੍ਰੀਤ, ਗ਼ਜ਼ਲਗੋ ਡਾ. ਸ਼ਮਸ਼ੇਰ ਮੋਹੀ, ਸ਼ਾਇਰ ਸੁਨੀਲ ਚੰਦਿਆਣਵੀ, ਡੀ.ਐੱਮ ਪੰਜਾਬੀ ਫ਼ਰੀਦਕੋਟ ਗੁਰਪ੍ਰੀਤ ਰੂਪਰਾ, ਵਿੱਕੀ ਢਿੱਲਵਾਂ, ਸਪਰਜਨ ਜੌਨ, ਸ਼ਮਿੰਦਰ ਸਿੰਘ ਮਾਨ ਨੇ ਵਧਾਈ ਦਿੱਤੀ।