ਹੁਣ ਪੰਜਾਬ ਦਾ ਪੀ. ਈ. ਐੱਸ. ਕਾਡਰ ਵੀ ਸੜਕਾਂ 'ਤੇ ਆਉਣ ਲਈ ਮਜ਼ਬੂਰ

 ਹੁਣ ਪੰਜਾਬ ਦਾ ਪੀ. ਈ. ਐੱਸ. ਕਾਡਰ ਵੀ ਸੜਕਾਂ 'ਤੇ ਆਉਣ ਲਈ ਮਜ਼ਬੂਰ


ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਖਰੜ ਵਿਖੇ ਸੂਬਾ ਪੱਧਰੀ ਰੈਲੀ 12 ਦਸੰਬਰ ਨੂੰ


ਪਟਿਆਲਾ 8 ਦਸੰਬਰ (ਪੱਤਰ ਪ੍ਰੇਰਕ )ਪੰਜਾਬ ਸਰਕਾਰ ਦੁਆਰਾ ਮੁਲਾਜ਼ਮ ਵਰਗ ਦੀ ਸਾਰ ਨਾ ਲਏ ਜਾਣ ਕਰਕੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਪਿੜ ਪੱਕੇ ਮੋਰਚਿਆਂ ਅਤੇ ਨਿੱਤ ਦਿਨ ਦੀਆਂ ਰੈਲੀਆਂ ਨਾਲ਼ ਮਘਾਇਆ ਹੋਇਆ ਹੈ । ਰੋਜ਼ਾਨਾ ਕੱਚੇ ਕਾਮੇ, ਬੇਰੁਜ਼ਗਾਰ ਅਤੇ ਸਰਕਾਰੀ ਮੁਲਾਜ਼ਮ ਸੜਕਾਂ 'ਤੇ ਨਿਕਲ ਪੰਜਾਬ ਦੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕਰਦੇ ਹਨ। ਇਸ ਕੜੀ ਵਿੱਚ ਇੱਕ ਨਵਾਂ ਇਤਿਹਾਸਕ ਅਧਿਆਇ ਜੁੜਨ ਜਾ ਰਿਹਾ ਹੈ ਜਦ ਆਪਣੀਆਂ ਜਾਇਜ਼ ਮੰਗਾਂ ਨੂੰ ਮੰਨਵਾਉਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਪਹਿਲੀ ਵਾਰ ਪੀ.ਈ.ਐੱਸ. ਕਾਡਰ ਦੇ ਅਧਿਕਾਰੀ ਹੈੱਡਮਾਸਟਰਜ਼ 12 ਦਸੰਬਰ ਦਿਨ ਐਤਵਾਰ ਨੂੰ ਸੂਬਾ ਪੱਧਰੀ ਰੋਸ ਰੈਲੀ ਨੂੰ ਅੰਜ਼ਾਮ ਦੇਣਗੇ।



 ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ ਜਦ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵਾਂਗ ਸੂਬੇ ਭਰ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਨ ਵਾਲੇ ਸਕੂਲ ਮੁਖੀ ਸੜਕਾਂ 'ਤੇ ਹੋਣਗੇ। ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਕਟਾਰੀਆ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਨੇ ਵੱਖ ਵੱਖ ਸਮੇਂ ਪੰਜਾਬ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ, ਹਰ ਵਾਰ ਹੈੱਡਮਾਸਟਰ ਕਾਡਰ ਦੀਆਂ ਜ਼ਾਇਜ਼ ਮੰਗਾਂ ਨੂੰ ਜਲਦੀ ਮੰਨੇ ਜਾਣ ਦਾ ਭਰੋਸਾ ਵੀ ਦਿੱਤਾ ਪਰ ਅਮਲੀ ਜਾਮਾ ਨਹੀਂ ਦਿੱਤਾ ਗਿਆ । ਸੋ ਹੁਣ ਹੈੱਡਮਾਸਟਰਜ਼ ਕਾਡਰ ਵੱਲੋਂ 12 ਦਸੰਬਰ ਨੂੰ ਖਰੜ ਵਿਖੇ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ।

       ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤਪਾਲ ਸਿੰਘ, ਜਤਿੰਦਰ ਸਿੰਘ ਬੋਪਾਰਾਏ ਅਤੇ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਮੁੱਖ-ਮੰਤਰੀ ਸਾਹਿਬ ਦੀ ਪੈਨਲ ਮੀਟਿੰਗ ਮਿਲਣ ਉਪਰੰਤ ਮੁੱਖ ਮੰਤਰੀ ਸਾਹਿਬ ਦੇ ਅਚਾਨਕ ਦਿੱਲੀ ਜਾਣ ਕਰਕੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਭਰਾ ਸੁਖਵਿੰਦਰ ਸਿੰਘ ਨਾਲ਼ 3 ਦਸੰਬਰ ਨੂੰ ਖਰੜ ਵਿਖੇ ਹੈੱਡਮਾਸਟਰਜ਼ ਕਾਡਰ ਦੀ ਮੀਟਿੰਗ ਕਰਵਾਈ, ਜਿਸ ਵਿੱਚ ਮੰਗਾਂ ਬਾਰੇ ਚਰਚਾ ਵੀ ਹੋਈ ਤੇ ਉਹਨਾਂ ਇਹਨਾਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ। ਇਹ ਭਰੋਸਾ ਹੈੱਡਮਾਸਟਰਜ਼ ਕਾਡਰ ਨੂੰ ਪੰਜਾਬ ਦੇ ਵਿੱਤ ਮੰਤਰੀ ਤੇ ਹੋਰ ਮੰਤਰੀਆ ਵੱਲੋਂ ਵੀ ਕਈ ਮੀਟਿੰਗਾਂ ਵਿੱਚ ਕਈ ਵਾਰ ਦਿੱਤਾ ਜਾ ਚੁੱਕਾ ਹੈ ਪਰੰਤੂ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਮੰਗ ਲਿਖਤੀ ਰੂਪ ਵਿੱਚ ਨਹੀਂ ਮੰਨੀ ਗਈ । 

           ਜਥੇਬੰਦੀ ਦੇ ਵਿੱਤ ਸਕੱਤਰ ਭੂਸ਼ਣ ਕੁਮਾਰ ਅਤੇ ਮੀਡੀਆ ਕੋਆਰਡੀਨੇਟਰ ਰਮੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹੈੱਡਮਾਸਟਰਜ਼ ਕਾਡਰ ਨੂੰ ਵਾਰ ਵਾਰ ਲਾਰੇ ਲਾ ਕੇ ਸੋਸ਼ਣ ਅਤੇ ਧੋਖਾ ਕਰ ਰਹੀ ਹੈ ਜੋ ਕਿ ਨਿੰਦਣਯੋਗ ਹੈ ।ਇਹ ਵਰਤਾਰਾ ਸਰਕਾਰ ਦੀ ਭਰੋਸੇਯੋਗਤਾ 'ਤੇ ਪ੍ਸ਼ਨ ਚਿੰਨ੍ਹ ਲਗਾ ਰਿਹਾ ਹੈ । ਪੰਜਾਬ ਦੇ ਹੈਡਮਾਸਟਰਜ਼ ਕਾਡਰ ਨੇ ਆਪਣੇ ਖੂਨ ਪਸੀਨੇ ਨਾਲ਼ ਮਿਹਨਤ ਕਰਕੇ ਸਕੂਲਾਂ ਦੀ ਗੁਣਾਤਮਕਤਾ ਤੇ ਗਿਣਾਤਮਕਤਾ ਪੱਖੋਂ ਨੁਹਾਰ ਬਦਲੀ ਹੈ ਜਿਸ ਕਰਕੇ ਪੰਜਾਬ ਦੇ ਸਕੂਲਾਂ ਨੇ ਪੀ.ਜੀ.ਆਈ.ਇੰਡੈਕਸ ਵਿੱਚੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ । ਪਰ ਸਰਕਾਰ ਨੇ ਇਸ ਕਾਡਰ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਮੋੜਿਆ । 

ਸੋ ਹੁਣ ਹੈਡਮਾਸਟਰਜ਼ ਪੀ.ਈਐੱਸ. (ਬੀ )ਕਾਡਰ ਵੱਲੋਂ ਪੰਜਾਬ ਸਰਕਾਰ ਨੂੰ ਇਹ ਅਗਾਊਂ ਸੂਚਨਾ ਹੈ ਕਿ ਜੇਕਰ ਹੈੱਡਮਾਸਟਰਜ਼ ਕਾਡਰ ਦੀਆਂ 10 ਦਸੰਬਰ ਤੱਕ ਸਾਰੀਆਂ ਮੰੰਗਾਂ ਲਿਖਤੀ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਨਾ ਮੰਨੀਆਂ ਗਈਆਂ ਤਾਂ ਹੈੱਡਮਾਸਟਰਜ਼ ਕਾਡਰ ਵੱਲੋਂ ਆਪਣੇ ਪਰਿਵਾਰਾਂ ਸਮੇਤ ਅਗਲੇ 12 ਦਸੰਬਰ ਨੂੰ ਖਰੜ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸਨੂੰ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ।

          ਹੈੱਡਮਾਸਟਰਜ਼ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਅਤੇ ਪ੍ਰੈਸ ਸਕੱਤਰ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਪੂਰੇ ਦੇਸ਼ ਵਿੱਚੋਂ ਬਿਹਤਰੀਨ ਹਨ , ਪਰ ਸਕੂਲਾਂ ਦੀ ਰੀੜੵ ਦੀ ਹੱਡੀ ਹੈੱਡਮਾਸਟਰਜ਼ ਕਾਡਰ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਟਾਲਮਟੋਲ਼ ਕਰ ਰਹੀ ਹੈ ਜੋ ਕਿ ਪੰਜਾਬ ਦੇ ਸਕੂਲ ਮੁਖੀਆਂ ਨਾਲ਼ ਧੱਕੇਸ਼ਾਹੀ ਤੇ ਨਾ ਇਨਸਾਫ਼ੀ ਹੈ। ਸੂਬਾ ਆਗੂ ਰਮਨਦੀਪ ਕਪਿਲ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਕੂਲ ਹੈੱਡਮਾਸਟਰਜ਼ ਇਸ ਸੂਬਾ ਪੱਧਰੀ ਰੈਲੀ 'ਚ ਪੰਜਾਬ ਸਰਕਾਰ ਦੀ ਪੋਲ ਮੀਡੀਆ ਰਾਹੀਂ ਆਮ ਲੋਕਾਂ ਦੇ ਸਾਹਮਣੇ ਖੋਲ੍ਹਣਗੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends