ਫੀਲਡ ਆਊਟਰੀਜ਼ ਬਿਊਰੋ ਜਲੰਧਰ ਵਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪੇਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ।
ਲੁਧਿਆਣਾ : 23 ਦਸੰਬਰ ( ਅੰਜੂ ਸੂਦ) ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਫੀਲਡ ਆਊਟਰੀਜ਼ ਬਿਊਰੋ ਜਲੰਧਰ ਵਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੀ.ਏ.ਯੂ. ਵਿਖੇ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਅਤੇ ਕੋਵਿਡ ਤੋਂ ਬਚਾਉ ਬਾਰੇ ਜਾਗਰੂਕ ਕਰਨ ਲਈ ਪੇਟਿੰਗ ਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ।ਇਸ ਮੌਕੇ ਤੇ ਪੇਟਿੰਗ ਮੁਕਾਬਲੇ ਵਿੱਚ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ 10 ਵਿਦਿਆਰਥੀਆਂ ਨੇ ਹਿੱਸਾ ਲਿਆ।ਇਥੇ ਜ਼ਿਕਰਯੋਗ ਹੈ ਕਿ ਇਹ ਸਾਰੇ ਵਿਦਿਆਰਥੀ ਪਹਿਲਾਂ ਵੀ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਮੁਕਾਬਲਿਆਂ ਵਿੱਚ ਬਲਾਕ ਅਤੇ ਜ਼ਿਲਾ ਪੱਧਰ ਤੇ ਜੇਤੂ ਰਹਿ ਚੁੱਕੇ ਹਨ।ਸਲੋਗਨ ਲਿਖਣ ਮੁਕਾਬਲੇ ਵਿੱਚ ਮੇਜ਼ਬਾਨ ਪੀ.ਏ.ਯੂ. ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਹਨਾਂ ਮੁਕਾਬਲਿਆਂ ਵਿੱਚ ਖੁਸ਼ਬੂ, ਜੈਪ੍ਰੀਤ ਕੌਰ ਅਤੇ ਬਬੀਤਾਜੀਤ ਰਾਣਾ ਪੇਟਿੰਗ ਵਿੱਚ ਅਤੇ ਰਿਸ਼ੀ, ਵਿਸ਼ਾਲ ਪ੍ਰਜਾਪਤੀ ਤੇ ਮਨੋਜ ਨੇ ਸਲੋਗਨ ਲਿਖਣ ਮੁਕਾਬਲੇ ਵਿੱਚ ਪੁਜ਼ੀਸ਼ਨ ਹਾਸਲ ਕੀਤੀ।
ਸਮਾਗਮ ਦੌਰਾਨ ਵਿਚਾਰ ਸਾਂਝੇ ਕਰਦਿਆਂ ਰਵਨੀਤ ਕੌਰ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਆਜ਼ਾਦੀ ਬਾਰੇ ਜਾਣਕਾਰੀ ਦੇਣਾ ਅਤੇ ਸਾਡੇ ਸ਼ਹੀਦਾਂ ਵਲੋਂ ਕੀਤੀਆਂ ਕੁਰਬਾਨੀਆਂ ਤੋਂ ਸੇਧ ਲੈਣਾ ਹੈ। ਉਹਨਾਂ ਕਿਹਾ ਕਿ ਕੋਵਿਡ ਤੋਂ ਬਚਾਅ ਹੀ ਸਭ ਤੋਂ ਵੱਡਾ ਇਲਾਜ ਹੈ।ਇਸਲਈ ਸਰਕਾਰ ਵਲੋਂ ਵੱਖ-ਵੱਖ ਸਮੇਂ ਤੇ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਬਾਰੇ ਜਾਗਰੁਕਤਾ ਜਰੂਰੀ ਹੈ।ਇਹਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਜ਼ਿਲਾ ਸਿੱਖਿਆ ਅਫਸਰ ਲਖਵੀਰ ਸਿੰਘ ਸਮਰਾ ਨੇ ਕੀਤੀ। ਇਸ ਮੌਕੇ ਤੇ ਸ. ਸਮਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਆਜ਼ਾਦੀ ਦੇ 75 ਸਾਲਾਂ ਸਮਾਗਮ ਮਨਾ ਰਹੇ ਹਾਂ।ਇਹਨਾਂ ਸਮਾਗਮਾਂ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਜ਼ਾਦੀ ਦੇ ਇਤਿਹਾਸ ਤੇ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ।ਉਹਨਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਜਰੂਰੀ ਹਦਾਇਤਾਂ ਦੀ ਪਾਲਣਾ ਸਮੇਂ ਦੀ ਮੁੱਖ ਲੋੜ ਹੈ।ਇਹਨਾਂ ਮੁਕਾਬਲਿਆਂ ਦਾ ਆਯੋਜਨ ਹਰਲੀਨ ਕੌਰ ਜ਼ਿਲਾ ਨੋਡਲ ਅਫਸਰ (75 ਸਾਲਾਂ ਆਜ਼ਾਦੀ ਮੁਕਾਬਲੇ) ਦੀ ਦੇਖ-ਰੇਖ ਵਿੱਚ ਹੋਇਆ।ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਆਊਟਰੀਜ਼ ਬਿਊਰੋ ਦੇ ਤਕਨੀਕੀ ਸਹਾਇਕ ਰਵੀਸ਼ ਦੱਤ ਸਮੇਤ ਹੋਰ ਅਫਸਰ ਸਾਹਿਬਾਨ ਨੇ ਵੀ ਸ਼ਮੂਲੀਅਤ ਕੀਤੀ।ਇਸ ਸਬੰਧ ਵਿੱਚ ਕੱਲ ਤਕਸ਼ਸੀਲਾ ਵਿਦਿਆ ਮੰਦਿਰ ਚੂਹੜਪੁਰ ਰੋਡ ਵਿਖੇ ਕੋਵਿਡ ਟੀਕਾਕਰਨ ਕੈਂਪ ਵੀ ਲਗਾਇਆ ਜਾ ਰਿਹਾ ਹੈ।
ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨਾਲ ਜ਼ਿਲਾ ਸਿੱਖਿਆ ਅਫਸਰ ਲਖਵੀਰ ਸਿੰਘ ਸਮਰਾ ਤੇ ਹੋਰ। |