ਦੇਵੇਸ਼ ਮੋਦੀ ਨੇ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ 'ਚ ਬਾਜੀ ਮਾਰੀ
ਬਰਨਾਲਾ, 6 ਨਵੰਬਰ ( ਬਿੰਦਰ ਸਿੰਘ ਖੁੱਡੀ ਕਲਾਂ )- ਡਾਕਟਰੀ ਕੋਰਸਾਂ ਵਿੱਚ ਦਾਖਲਿਆਂ ਲਈ ਕੌਮੀ ਪੱਧਰ 'ਤੇ ਲਈ ਜਾਣ ਵਾਲੀ ਪ੍ਰੀਖਿਆ ਨੀਟ 'ਚ ਬਰਨਾਲਾ ਦੇ ਦੇਵੇਸ਼ ਮੋਦੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਜੀ ਮਾਰੀ ਹੈ।ਦੇਵੇਸ਼ ਦੇ ਅਧਿਆਪਕ ਮਾਤਾ ਪਿਤਾ ਭਾਰਤ ਭੂਸ਼ਨ ਮੋਦੀ ਅਤੇ ਰਿੰਕੂ ਅਗਰਵਾਲ ਨੇ ਦੱਸਿਆ ਕਿ ਦੇਵੇਸ਼ ਸ਼ੁਰੂ ਤੋਂ ਹੀ ਲਗਨ ਨਾਲ ਪੜ੍ਹਾਈ ਕਰਕੇ ਹਰ ਜਮਾਤ ਵਿੱਚੋਂ ਅੱਵਲ ਆਉਂਦਾ ਰਿਹਾ ਹੈ ਅਤੇ ਨੀਟ ਪ੍ਰੀਖਿਆ ਵਿੱਚੋਂ ਉਸ ਨੇ 720 ਅੰਕਾਂ ਵਿੱਚੋਂ 660 ਅੰਕਾਂ ਦੀ ਪ੍ਰਾਪਤੀ ਨਾਲ ਦੇਸ਼ ਭਰ 'ਚੋਂ 2725ਵਾਂ ਰੈਂਕ ਹਾਸਿਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਉਹਨਾਂ ਦੱਸਿਆ ਕਿ ਦੇਵੇਸ਼ ਦੀ ਇਸ ਸਫਲਤਾ ਦਾ ਸਿਹਰਾ ਉਸ ਦੀ ਮਿਹਨਤ ਨੂੰ ਜਾਂਦਾ ਹੈ।ਦੇਵੇਸ਼ ਨੇ ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਟੈਲੀਵਿਜ਼ਨ,ਮੋਬਾਇਲ ਅਤੇ ਇੱਥੋਂ ਤੱਕ ਕਿ ਦੋਸਤਾਂ ਤੋਂ ਦੂਰੀ ਬਣਾਉਂਦਿਆਂ ਲਗਾਤਾਰ ਸੋਲਾਂ ਸੋਲਾਂ ਘੰਟੇ ਪੜ੍ਹਾਈ ਕੀਤੀ।ਉਹਨਾਂ ਦੱਸਿਆ ਕਿ ਕੋਰੋਨਾ ਕਾਲ ਦੇ ਚਲਦਿਆਂ ਦੇਵੇਸ਼ ਨੇ ਇਸ ਵੱਕਾਰੀ ਪ੍ਰੀਖਿਆ ਦੀ ਤਿਆਰੀ ਬਿਨਾਂ ਕਿਸੇ ਕੋਚਿੰਗ ਦੇ ਸੈਲਫ ਸਟੱਡੀ ਅਤੇ ਆਨਲਾਈਨ ਸਿੱਖਿਆ ਸਹਾਰੇ ਕੀਤੀ।
ਦੇਵੇਸ਼ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਵਾਂਗ ਡਾਕਟਰ ਬਣਕੇ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਹੈ।ਵਰਨਣਯੋਗ ਹੈ ਕਿ ਦੇਵੇਸ਼ ਦੀ ਭੈਣ ਮਾਧੁਰੀ ਸਿੰਗਲਾ ਵੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਹੈ।ਦੇਵੇਸ਼ ਨੇ ਆਪਣੀ ਸਫਲਤਾ ਦਾ ਸਿਹਰਾ ਪ੍ਰਮਾਤਮਾ ਦੇ ਆਸ਼ੀਰਵਾਦ,ਅਧਿਆਪਕਾਂ ਦੀ ਅਗਵਾਈ ਅਤੇ ਪਰਿਵਾਰ ਦੇ ਸਹਿਯੋਗ ਸਿਰ ਬੰਨਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਮਾਪਿਆਂ ਦੀਆਂ ਇਛਾਵਾਂ ਪੂਰੀਆਂ ਕਰਨ ਅਤੇ ਸਮਾਜ ਸੇਵਾ ਦੇ ਰਸਤੇ ਤੁਰਨ ਦੀ ਅਪੀਲ ਕੀਤੀ।
ਪਰਿਵਾਰਕ ਮੈਂਬਰ ਦੇਵੇਸ਼ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ। |