ਮਰਨ ਵਰਤ ਤੇ ਬੈਠੇ ਬਲਵਿੰਦਰ ਫ਼ਿਰੋਜ਼ਪੁਰ ਨੂੰ ਪੁਲੀਸ ਨੇ ਜ਼ਬਰੀ ਚੁੱਕਿਆ
29ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ
ਦਲਜੀਤ ਕੌਰ ਭਵਾਨੀਗੜ੍ਹ
ਖਰੜ, 18 ਨੰਵਬਰ, 2021: ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਖਰੜ ਵਿਖੇ ਪਿਛਲੇ 9 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਬਲਵਿੰਦਰ ਫ਼ਿਰੋਜ਼ਪੁਰ ਨੂੰ ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਭਾਰੀ ਪੁਲੀਸ ਬਲ ਨੂੰ ਨਾਲ ਲੈ ਜ਼ਬਰੀ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬਲਵਿੰਦਰ ਫ਼ਿਰੋਜ਼ਪੁਰ ਦਾ ਮਰਨ ਵਰਤ ਅੱਜ 9ਵੇਂ ਦਿਨ ਵਿੱਚ ਦਾਖਿਲ ਹੋ ਚੁੱਕਿਆ ਸੀ, ਲਗਾਤਾਰ ਨੌਂ ਦਿਨਾਂ ਤੋਂ ਮਰਨ ਵਰਤ ਕਾਰਨ ਬਲਵਿੰਦਰ ਫ਼ਿਰੋਜ਼ਪੁਰ ਦੇ ਹੱਥਾਂ ਪੈਰਾਂ ਨੂੰ ਦਰਦ ਹੋਣਾ ਸ਼ੁਰੂ ਹੋ ਚੁੱਕਿਆ ਸੀ, ਉਸਦਾ ਸ਼ੂਗਰ ਲੈਵਲ ਵੀ ਲਗਾਤਾਰ ਘਟਦਾ ਜਾ ਰਿਹਾ ਸੀ ਅਤੇ ਸਰੀਰਕ ਹਾਲਤ ਵੀ ਗੰਭੀਰ ਬਣੀ ਹੋਈ ਸੀ। ਅੱਜ ਫਿਰ ਪ੍ਰਸ਼ਾਸਨ ਵੱਲੋਂ ਬਲਵਿੰਦਰ ਫਿਰੋਜ਼ਪੁਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਮਰਨ ਵਰਤ ਸਮਾਪਤ ਕਰੇ ਜਾਂ ਫਿਰ ਜ਼ੇਰੇ ਇਲਾਜ ਲਈ ਦਾਖਲ ਹੋਏ ਪਰ ਬਲਵਿੰਦਰ ਮਰਨ ਵਰਤ ਨਾ ਚੁਕਣ ਅਤੇ ਇਲਾਜ ਲਈ ਰਾਜ਼ੀ ਨਹੀਂ ਹੋਇਆ। ਪ੍ਰਸ਼ਾਸਨ ਦੇ ਵਾਰ-ਵਾਰ ਕਹਿਣ ਤੇ ਵੀ ਜਦੋਂ ਬਲਵਿੰਦਰ ਫ਼ਿਰੋਜ਼ਪੁਰ ਨੇ ਆਪਣਾ ਮਰਨ ਵਰਤ ਸਮਾਪਤ ਨਾ ਕੀਤਾ ਅਤੇ ਨਾ ਹੀ ਹਸਪਤਾਲ ਚ ਦਾਖ਼ਲ ਹੋਣ ਦੀ ਗੱਲ ਮੰਨਿਆਂ ਤਾਂ ਪੁਲਿਸ ਵੱਲੋਂ ਉਸਨੂੰ ਜ਼ਬਰਦਸਤੀ ਚੁੱਕ ਕੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਮੌਕੇ ਬਲਵਿੰਦਰ ਫ਼ਿਰੋਜ਼ਪੁਰ ਨੇ ਕਿਹਾ ਕਿ ਜਦੋਂ ਤੱਕ ਬੇਰੋਜ਼ਗਾਰ ਅਧਿਆਪਕਾਂ ਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਸ ਦਾ ਸੰਘਰਸ਼ ਜਾਰੀ ਰਹੇਗਾ।
ਉੱਧਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪਰਮ ਫ਼ਾਜ਼ਿਲਕਾ ਤੇ ਅਮਨ ਫ਼ਾਜ਼ਿਲਕਾ ਅੱਜ 29 ਵੇੰ ਦਿਨ ਵੀ ਦੇਸੂਮਾਜਰਾ ਵਿਖੇ ਵੀ ਟੈਂਕੀ ਦੇ ਉੱਪਰ ਡਟੇ ਰਹੇ।
ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਹਰਮਨ ਕੌਰ, ਰਾਜਕੁਮਾਰ ਮਾਨਸਾ, ਗੁਰਪ੍ਰੀਤ ਗੁਰਾਇਆ, ਸੁਰਿੰਦਰ ਪਾਲ ਗੁਰਦਾਸਪੁਰ, ਵਿਸ਼ਾਲ ਸ਼ਰਮਾ ਤੇ ਚੰਨ ਸਿੰਘ ਨੇ ਕਿਹਾ ਕਿ ਕਿ ਕਾਂਗਰਸ ਸਰਕਾਰ ਜਿਹੜੀ ਘਰ-ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦਾ ਜਾਣ ਦਾ ਸਮਾਂ ਵੀ ਆ ਚੁੱਕਿਆ ਹੈ, ਪਰ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਨਿੱਤ ਡਾਗਾਂ ਕੁੱਟਿਆ, ਝੂਠੇ ਪਰਚੇ ਦਰਜ ਕੀਤੇ ਤੇ ਟੈਂਕੀ ਤੇ ਚੜ੍ਹਨ ਲਈ ਮਜਬੂਰ ਕੀਤਾ ਹੈ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਨਾ ਨਿਕਲਣ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਉਮਰ ਹੱਦ ਨੂੰ ਪਾਰ ਕਰ ਚੁੱਕੇ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਨੌਜਵਾਨਾਂ ਉਮਰ ਹੱਦ ਦੇ ਵਿੱਚ ਛੋਟ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਛੋਟ ਦੇਕੇ ਭਰਤੀ ਕੀਤਾ ਜਾਵੇ।