ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਰਾਸਤੀ ਦਿਵਾਲੀ ਮਨਾਉਣ ਦੀ ਅਪੀਲ
ਦੀਪਮਾਲਾ ਦੀ ਥਾਂ ਜ਼ਿਲ੍ਹਾ ਵਾਸੀ ਰਵਾਇਤੀ ਦੀਵੇ ਖਰੀਦ ਕੇ ਮਨਾਉਣ ਦਿਵਾਲੀ: ਵਿਜੈ ਇੰਦਰ ਸਿੰਗਲਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 3 ਨਵੰਬਰ, 2021: ਲੋਕ ਨਿਰਮਾਣ ਤੇ ਪ੍ਰਬੰਧਕੀ ਸੁਧਾਰ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ੍ਹ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਦਿਵਾਲੀ ਦਾ ਤਿਓਹਾਰ ਵਿਰਾਸਤੀ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਾਨੂੰ ਦੀਪਮਾਲਾ ਦੀ ਜਗ੍ਹਾ ਰਵਾਇਤੀ ਦੀਵੇ ਬਾਲ ਕੇ ਵਿਰਾਸਤੀ ਢੰਗ ਨਾਲ ਦਿਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੀ ਰੋਜ਼ੀ ਰੋਟੀ ਕਮਾਉਣ ਵਿੱਚ ਵੀ ਅਸੀਂ ਆਪਣਾ ਯੋਗਦਾਨ ਦੇ ਸਕਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਸਥਾਨਕ ਕਾਰੀਗਰਾਂ ਤੋਂ ਦੀਵੇ ਖਰੀਦ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਸਥਾਨਕ ਕਾਰੀਗਰਾਂ ਤੋਂ ਦੀਵੇ ਖਰੀਦਾਂਗੇ ਤਾਂ ਹੀ ਉਹ ਵੀ ਸੁਖਾਲੀ ਦਿਵਾਲੀ ਮਨਾ ਸਕਣਗੇ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦੀਵੇ ਸਿਰਫ ਭਾਰਤ ਵਿੱਚ ਹੀ ਬਣਦੇ ਹਨ ਤੇ ਪੰਜਾਬ ਦੀ ਮਿੱਟੀ ਤੋਂ ਬਣੇ ਦੀਵਿਆਂ ਨੂੰ ਸਾਨੂੰ ਦਿਵਾਲੀ ਮੌਕੇ ਜ਼ਰੂਰ ਆਪਣੇ ਘਰਾਂ ਵਿੱਚ ਬਾਲਣਾ ਚਾਹੀਦਾ ਹੈ।
ਸ਼੍ਰੀ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦਿਵਾਲੀ ਮੌਕੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਟਾਕਿਆ ਨਾਲ ਜਿੱਥੇ ਹਵਾ ਤੇ ਧੁਨੀ ਪ੍ਰਦੂਸ਼ਣ ਹੁੰਦਾ ਹੈ ਉੱਥੇ ਹੀ ਪਟਾਕੇ ਚਲਾਉਂਦਿਆਂ ਕਈ ਵਾਰ ਹਾਦਸੇ ਵੀ ਹੋ ਜਾਂਦੇ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਾਸੀ ਆਪਣੇ ਘਰਾਂ ਵਿੱਚ ਦੀਵੇ ਬਾਲਣ ਤੇ ਆਪਣੇ ਦੋਸਤ ਤੇ ਰਿਸ਼ਤੇਦਾਰਾਂ ਨਾਲ ਦਿਵਾਲੀ ਦਾ ਤਿਉਹਾਰ ਤੇ ਬੰਦੀ ਛੋੜ੍ਹ ਦਿਵਸ ਮਨਾਉਣ।