ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਸੁਚੱਜੀ ਅਗਵਾਈ ਹੇਠ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ
ਮਾਂ ਬੋਲੀ ਨੂੰ ਸਮਰਪਿਤ ਮੁਕਾਬਲਿਆਂ ਵਿੱਚ ਪ੍ਰਾਇਮਰੀ ਪਾੜ੍ਹਿਆਂ ਨੇ ਵਿਖਾਏ ਆਪਣੀ ਕਲਾ ਦੇ ਜੌਹਰ
ਜੇਤੂ ਵਿਦਿਆਰਥੀ ਅਤੇ ਅਧਿਆਪਕ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ।
ਲੁਧਿਆਣਾ, 30 ਨਵੰਬਰ (ਅੰਜੂ ਸੂਦ )
ਭਾਸ਼ਾ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਪ੍ਰਾਇਮਰੀ ਸਕੂਲਾਂ ਵਿੱਚ ਮਾਂ-ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਅੱਜ ਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ , ਬਲਾਕ ਮਾਂਗਟ-1 ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ)ਜਸਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ) ਕੁਲਦੀਪ ਸਿੰਘ ਲੁਧਿਆਣਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੀ ਸ਼ੁਰੂਆਤ ਬੈਂਡ ਵਾਜਿਆਂ ਨਾਲ ਹੋਈ। ਹਰ ਪਾਸੇ ਚਹਿਲ ਪਹਿਲ ,ਖੁਸ਼ੀ ਅਤੇ ਉਤਸ਼ਾਹ ਦਾ ਆਲਮ ਸੀ। ਮੁਕਾਬਲਿਆਂ ਵਿੱਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਅਤੇ ਸੁੰਦਰ ਲਿਖਾਈ ਦੇ ਜੇਤੂ ਅਧਿਆਪਕਾਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਪੜ੍ਹਣ-ਲਿਖਣ ਦੀਆਂ ਰੁਚੀਆਂ ਅਤੇ ਉਹਨਾਂ ਦੀ ਛੁਪੀ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਸਮੇਂ-ਸਮੇਂ 'ਤੇ ਨਿਵੇਕਲੀਆਂ ਗਤੀਵਿਧੀਆਂ ਅਤੇ ਮੁਕਾਬਲੇ ਆਯੋਜਿਤ ਕਰਦਾ ਹੈ। ਮਾਂਗਟ 1 ਦੇ 25 ਸਕੂਲਾਂ ਨੂੰ ਦਾਖਲਾ ਵਧਾਉਣ ਤੇ ਸਨਮਾਨਿਤ ਕਰਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਾਕੀ ਜ਼ਿਲੇ ਨੂੰ ਵੀ ਪ੍ਰੇਰਿਤ ਕੀਤਾ। ਸੰਜੀਵ ਕੁਮਾਰ ਜਿਲਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਨੇ ਵੀ ਇਸ ਸਮੁੱਚੇ ਪ੍ਰਬੰਧ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ।
ਨਵੰਬਰ ਮਹੀਨਾ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ 30 ਨਵੰਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ), ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ-ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਅਧਿਆਪਕਾਂ ਦੇ ਵੀ ਸੁਲੇਖ ਮੁਕਾਬਲੇ ਕਰਵਾਏ ਗਏ ਹਨ। ਅਧਿਆਪਕਾਂ ਨੇ ਸਕੂਲ ਪੱਧਰ ਤੋਂ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਜ਼ਿਲ੍ਹਾ ਪੱਧਰ ਤੱਕ ਆਪਣੀ ਸੁੰਦਰ ਲਿਖਾਈ ਦੀ ਛਾਪ ਛੱਡੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਮੀਡੀਆ ਅੰਜੂ ਸੂਦ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਲਈ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐ ਸਿੱ) ਅਤੇ ਕੁਲਦੀਪ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿੱ) ਦੁਆਰਾ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤਹਿਤ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਿਫ਼ਰੈੱਸ਼ਮੈਂਟ ਵੀ ਦਿੱਤੀ ਗਈ। ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਦੀ ਪ੍ਰਤਿਭਾਵਾਨ ਸਖ਼ਸ਼ੀਅਤ ਦਾ ਨਿਖਾਰ ਹੁੰਦਾ ਹੈ।
ਇਹ ਮੁਕਾਬਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਸਕੂਲ ਮੁਖੀ ਸ਼ਿਵਾਨੀ ਸੂਦ ਦੇ ਪ੍ਰਬੰਧ ਨੂੰ ਦੇਖ ਕੇ ਸਾਰੇ ਹੈਰਾਨ ਸਨ ਅਤੇ ਉਨਾਂ ਦਾ ਸਮੁੱਚਾ ਪ੍ਰਬੰਧ ਸ਼ਲਾਘਾਯੋਗ ਸੀ।
ਇਸ ਮੌਕੇ ਤੇ ਤ੍ਰਿਪਤਾ ਰਾਣੀ ਬੀਪੀਈਓ ਲੁਧਿਆਣਾ -1 , ਇੰਦੂ ਸੂਦ ਬੀਪੀਈਓ ਮਾਂਗਟ-3 , ਆਸ਼ਾ ਰਾਣੀ ਬੀਪੀਈਓ ਮਾਂਗਟ -2 ਸੁਰਿੰਦਰ ਕੌਰ ਡੇਹਲੋਂ -2 , ਸੁਖਵੀਰ ਕੌਰ ਬੀਪੀਈਓ ਸੁਧਾਰ ,ਜ਼ਿਲ੍ਹਾ ਕੋਆਰਡੀਨੇਟਰ ਪਪਪਪ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪਪਪਪ ਸਮੇਤ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ , ਸਮੂਹ ਸੈਂਟਰ ਸਕੂਲਾਂ ਦੇ ਸੀ ਐੱਚ ਟੀ ਸਾਹਿਬਾਨ ,ਮੁਕਾਬਲਿਆਂ ਲਈ ਬਣਾਈ ਗਈ ਨਿਗਰਾਨ ਅਤੇ ਜੱਜਮੈਂਟ ਕਮੇਟੀ , ਕੋਰ ਕਮੇਟੀ, ਸੰਚਾਲਕ ਕਮੇਟੀ ਅਤੇ ਸਮੂਹ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਅਧਿਕਾਰੀ। |