ਹੁਣ ਘਰ ਬੈਠੇ ਹੀ ਦਰੁਸਤ ਕਰਵਾਓ ਜਾਂ ਬਣਵਾਓ ਆਪਣੀ ਵੋਟ
ਵੋਟਰ ਹੈਲਪਲਾਈਨ ਐਪ ਵੋਟਰ ਸੂਚੀ ਵਿੱਚ ਨਾਮ ਅਤੇ ਹੋਰ ਮਹੱਤਵਪੂਰਨ ਵੇਰਵੇ ਲੱਭਣ ਲਈ ਹੋਵੇਗੀ ਸਹਾਈ
- ਭਾਰਤੀ ਚੋਣ ਕਮਿਸ਼ਨ ਵੱਲੋਂ ਵੈੱਬਸਾਈਟ ਅਤੇ ਟੋਲ ਫ਼ਰੀ ਨੰਬਰ 1950 ਜਾਰੀ
ਮਲੇਰਕੋਟਲਾ 03 ਨਵੰਬਰ :
ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਇੱਕ ਸਮਾਰਟ ਵੋਟਰ ਬਣਕੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਹੁਣ ਘਰ ਬੈਠੇ ਹੀ ਬਣਵਾ ਸਕਦੇ ਹਨ ਜਾਂ ਦਰੁਸਤ ਕਰਵਾ ਸਕਦੇ ਹਨ ।ਹੈਲਪਲਾਈਨ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਨਾਮ ਲੱਭਣ, ਆਨਲਾਈਨ ਫਾਰਮ ਜਮ੍ਹਾਂ ਕਰਨ, ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਾਇਰ ਕਰਨ, ਨਤੀਜੇ ਦੇਖਣ, ਹਲਫ਼ਨਾਮੇ, ਜਵਾਬੀ ਹਲਫ਼ਨਾਮੇ ਅਤੇ ਉਨ੍ਹਾਂ ਦੀ ਮੋਬਾਈਲ ਐਪਲੀਕੇਸ਼ਨ 'ਤੇ ਜਵਾਬ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ।
ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਸ੍ਰੀ ਰਾਮਵੀਰ ਨੇ ਕਿਹਾ ਕਿ ਕੁਝ ਕਲਿੱਕ ਅਤੇ ਘੱਟ ਤੋਂ ਘੱਟ ਜਾਣਕਾਰੀ ਨਾਲ, ਉਪਭੋਗਤਾ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣਾ ਵੋਟਰ ਸ਼ਨਾਖ਼ਤੀ ਕਾਰਡ ਬਣਾਵਾਂ ਸਕਦੇ ਹਨ ਜਾ ਆਪਣੇ ਵੋਟਰ ਸ਼ਨਾਖ਼ਤੀ ਕਾਰਡ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਬਹੁਤ ਹੀ ਸਰਲ ਐਪ ਹੈ ਜੋ ਕਿ ਟੈਗ-ਅਧਾਰਿਤ ਖੋਜ, ਐਪਲੀਕੇਸ਼ਨ ਦੇ ਡੈਸ਼ ਬੋਰਡ 'ਤੇ ਉਪਲਬਧ ਹੈ ਜੋ ਪਹੁੰਚ ਵਿੱਚ ਆਸਾਨੀ ਅਤੇ ਸੌਖੇ ਨੈਵੀਗੇਸ਼ਨ ਦੀ ਪੇਸ਼ਕਸ਼ ਕਰਦੀ ਹੈ।
ਉਹਨਾਂ ਕਿਹਾ ਕਿ ਨਾਗਰਿਕ ਆਪਣੀ ਦਿਲਚਸਪੀ ਦੇ ਅਧਾਰ 'ਤੇ ਐਪ ਨੂੰ ਚਲਾ ਸਕਦੇ ਹਨ ਅਤੇ ਚੋਣ ਪ੍ਰਕਿਰਿਆ ਬਾਰੇ ਵਧੇਰੇ ਦਿਲਚਸਪ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਰਾਹੀਂ ਵੋਟਰ ਭਾਰਤੀ ਚੋਣ ਕਮਿਸ਼ਨ ਬਾਰੇ ਸਮੁੱਚੀ ਜਾਣਕਾਰੀ, ਮੌਜੂਦਾ ਖ਼ਬਰਾਂ, ਸਮਾਗਮਾਂ, ਗੈਲਰੀ ਅਤੇ ਹੋਰ ਜਾਣਕਾਰੀ ਤੱਕ ਪਹੁੰਚ ਬਣਾ ਸਕਦੇ ਹਨ। ਇਹ ਛੋਟੀ ਜਿਹੀ ਐਪਲੀਕੇਸ਼ਨ ਬਹੁਤ ਹੀ ਜਾਣਕਾਰੀ ਨਾਲ ਲੈਸ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ, ਨੂੰ ਆਪਣੀ ਵੋਟ ਬਣਾਉਣ ਜਾਂ ਦਰੁਸਤੀ ਕਰਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ 30 ਨਵੰਬਰ, 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਕੰਮ-ਕਾਜ ਵਾਲੇ ਦਿਨ ਆਪਣੇ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫ਼ਤਰ ਵਿੱਚ ਜਾ ਕੇ ਆਪਣੀ ਨਵੀਂ ਵੋਟ ਦਾ ਫਾਰਮ ਭਰ ਕੇ ਦੇ ਸਕਦਾ ਹੈ।
ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ www.nvsp.in ਜਾਂ www.voterportal.eci.gov.in 'ਤੇ ਜਾ ਕੇ ਘਰ ਬੈਠੇ ਹੀ ਆਨਲਾਈਨ ਫਾਰਮ ਭਰਕੇ ਆਪਣੀ ਵੋਟ ਬਣਵਾਈ ਜਾ ਸਕਦੀ ਹੈ ,ਅਗਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ 1950 ਟੋਲ ਫ਼ਰੀ ਨੰਬਰ 'ਤੇ ਮੁਫ਼ਤ ਫ਼ੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।