*ਸੁਬੇ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ 'ਚੋਂ ਮੋਹਰੀ ਬਣਾਉਣ ਲਈ ਸਕੂਲ ਮੁਖੀ, ਅਧਿਆਪਕ ਅਤੇ ਵਿਦਿਆਰਥੀ ਪੂਰੀ ਤਰ੍ਹਾਂ ਤਿਆਰ- ਜਿਲ੍ਹਾ ਸਿੱਖਿਆ ਅਧਿਕਾਰੀ*
ਬਟਾਲਾ 9 ਨਵੰਬਰ (ਗਗਨਦੀਪ ਸਿੰਘ ) ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਸੂਬੇ ਦੀ ਸਕੂਲ ਸਿੱਖਿਆ ਨੂੰ 12 ਨਵੰਬਰ ਨੂੰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਵਿੱਚੋਂ ਦੇਸ਼ ਭਰ 'ਚੋਂ ਮੋਹਰੀ ਬਣਾਉਣ ਲਈ ਪੂਰਨ ਯੋਜਨਾਬੰਦੀ ਨਾਲ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਬੀਰ ਸਿੰਘ ਨੇ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ ਸਕੂਲ ਪ੍ਰਿੰਸੀਪਲ ਬਿੰਦੂ ਭੱਲਾ ਦੇ ਸਹਿਯੋਗ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਲਈ ਲਗਾਏ ਗਏ ਅਮਲੇ ਨੂੰ ਸੰਬੋਧਿਤ ਕਰਦੇ ਹੋਏ ਕੀਤਾ।
ਜਿਲ੍ਹੇ 'ਚ ਨੈਸ਼ਨਲ ਅਚੀਵਮੈਂਟ ਸਰਵੇਖਣ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕਡਰੀ ਹਰਪਾਲ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਕੂਲ ਸਿੱਖਿਆ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਮਨੋਰਥ ਨਾਲ 12 ਨਵੰਬਰ ਨੂੰ ਤੀਜੀ,ਪੰਜਵੀ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਬਿਹਤਰੀਨ ਪ੍ਰਦਰਸ਼ਨ ਲਈ ਜਿਲ੍ਹੇ ਦੇ ਸਮੂਹ ਸਰਕਾਰੀ,ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਮੁਖੀ,ਅਧਿਆਪਕ ਅਤੇ ਵਿਦਿਆਰਥੀ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਸਮੂਹ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਤਿਆਰ ਕੀਤਾ ਗਿਆ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਸੂਬੇ ਨੂੰ ਦੇਸ਼ ਭਰ ਵਿੱਚੋਂ ਮੋਹਰੀ ਬਣਾਉਣ ਲਈ ਜਿਲ੍ਹੇ ਦੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ,ਉੱਥੇ ਹੀ ਜਿਲ੍ਹੇ ਨੂੰ ਸੂਬੇ ਭਰ ਵਿੱਚੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
*207 ਸਕੂਲਾਂ ਵਿੱਚ ਹੋਵੇਗਾ ਨੈਸ਼ਨਲ ਅਚੀਵਮੈਂਟ ਸਰਵੇ *
ਜ਼ਿਲ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਜ਼ਿਲ੍ਹਾ ਗੁਰਦਾਸਪੁਰ ਦੇ 207 ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਇਨ੍ਹਾਂ ਸਾਰੇ ਸਕੂਲਾਂ ਵਿੱਚ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਕੰਡਕਟ ਕਰਵਾਉਣ ਵਾਲੇ ਸਾਰੇ ਅਮਲੇ ਨੂੰ ਪੂਰੀ ਤਰ੍ਹਾਂ ਲਗਾਤਾਰ ਸੈਮੀਨਾਰਾਂ ਰਾਹੀਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਤੇ ਬਲਾਕ ਨੋਡਲ ਅਫ਼ਸਰ ਕਮ ਪ੍ਰਿੰਸੀਪਲ ਧੁੱਪਸੜੀ ਪਰਮਜੀਤ ਕੌਰ, ਪ੍ਰਿੰਸੀਪਲ ਫਤਿਹਗੜ ਚੂੜੀਆਂ ਅਨੀਤਾ ਅਰੌੜਾ, ਪ੍ਰਿੰਸੀਪਲ ਧਰਮਕੋਟ ਰੰਧਾਵਾ ਰਮੇਸ਼ ਲਾਲ ਠਾਕੁਰ, ਡੀਐਮ ਗਣਿਤ ਗੁਰਨਾਮ ਸਿੰਘ, ਡੀਐਮ ਅੰਗਰੇਜ਼ੀ ਨਰਿੰਦਰ ਸਿੰਘ, ਪੜ੍ਹੋ ਪੰਜਾਬ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ, ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ, ਬਲਕਾਰ ਅੱਤਰੀ, ਆਦਿ ਹਾਜ਼ਰ ਸਨ।