ਟਰੈਕਟਰ ਟਰਾਲੀਆਂ ਦਾ ਕਾਫਲਾ 24 ਨਵੰਬਰ ਨੂੰ ਦਿੱਲੀ ਲਈ ਹੋਵੇਗਾ ਰਵਾਨਾ
ਅਨੁਸ਼ਾਸਨਬੱਧ ਕਿਸਾਨੀ ਘੋਲ ਦੀ ਜਿੱਤ-ਸਤਵੀਰ ਸਿੰਘ
ਨਵਾਸ਼ਹਿਰ 22 ਨਵੰਬਰ (
) ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਤਵੀਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਨਵੰਬਰ ਨੂੰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਦੀ ਦਿੱਲੀ ਦੇ ਬਾਰਡਰਾਂ ਤੇ ਮਨਾਈ ਜਾ ਰਹੀ ਵਰ੍ਹੇਗੰਢ ਵਿਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ।ਉਹ ਅੱਜ ਰਿਲਾਇੰਸ ਦੇ ਸਥਾਨਕ ਸੁਪਰ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਪੱਧਰੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸੇ ਚਾਅ ਤਹਿਤ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ ਸਗੋਂ ਕਿਸਾਨਾਂ ਦੇ ਅਨੁਸ਼ਾਸਨਬੱਧ,ਜਥੇਬੰਦਕ, ਕੁਰਬਾਨੀਆਂ, ਲੜਨ ਦੀ ਲਗਨ ਅਤੇ ਤਿੱਖੇ ਘੋਲ ਨੇ ਉਸਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ।
ਉਹਨਾਂ ਕਿਹਾ ਕਿ ਅਜੇ ਵੀ ਅਵੇਸਲੇ ਹੋਣ ਦੀ ਲੋੜ ਨਹੀਂ। 700 ਕਿਸਾਨਾਂ ਦੀ ਸ਼ਹਾਦਤ ਸਾਨੂੰ ਸੰਘਰਸ਼ਾਂ ਦੇ ਪਿੜਾਂ ਵਿਚ ਹੋਰ ਦਮ ਖ਼ਮ ਦਿਖਾਉਣ ਲਈ ਪ੍ਰੇਰਦੀ ਹੈ।ਸੰਸਦ ਵਿਚ ਇਹ ਕਾਨੂੰਨ ਰੱਦ ਕਰਾਉਣ, ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ,ਬਿਜਲੀ ਬਿੱਲ ਅਤੇ ਹੋਰ ਜਰੂਰੀ ਮੰਗਾਂ ਮਨਵਾਉਣ ਲਈ ਲੜਾਈ ਅਜੇ ਬਾਕੀ ਹੈ।ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਵਿਖੇ ਕਿਸਾਨੀ ਘੋਲ ਦੀ ਮਨਾਈ ਜਾ ਰਹੀ ਵਰ੍ਹੇਗੰਢ ਵਿਚ ਸ਼ਮੂਲੀਅਤ ਕਰਨ ਲਈ ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ 40 ਗੱਡੀਆਂ ਅਤੇ ਟਰੈਕਟਰ ਟਰਾਲੀਆਂ ਜਾਣਗੀਆਂ।ਇਹ ਕਾਫਲਾ 24 ਨਵੰਬਰ ਨੂੰ ਸਵੇਰੇ 10 ਵਜੇ ਰਿਲਾਇੰਸ ਦੇ ਨਵਾਸ਼ਹਿਰ ਸਟੋਰ ਤੋਂ ਰਵਾਨਾ ਹੋਵੇਗਾ। ਇਸ ਮੌਕੇ ਬੂਟਾ ਸਿੰਘ ਮਹਿਮੂਦ ਪੁਰ,ਗੁਰਬਖਸ਼ ਕੌਰ ਸੰਘਾ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ,ਕੁਲਵਿੰਦਰ ਸਿੰਘ ਚਾਹਲ, ਬਚਿੱਤਰ ਸਿੰਘ ਮਹਿਮੂਦ ਪੁਰ, ਮਨਜੀਤ ਕੌਰ ਅਲਾਚੌਰ, ਸੁਰਿੰਦਰ ਸਿੰਘ ਮਹਿਰਮਪੁਰ ਨੇ ਵੀ ਵਿਚਾਰ ਪੇਸ਼ ਕੀਤੇ।
ਕੈਪਸ਼ਨ : ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਵੀਰ ਸਿੰਘ ਸੰਬੋਧਨ ਕਰਦੇ ਹੋਏ।