*ਸਰਕਾਰ ਬੈਂਕ ਖਾਤਿਆਂ ਦੇ ਨਾਂ ਤੇ ਅਧਿਆਪਕਾਂ ਨੂੰ ਖੱਜਲ ਕਰਨਾ ਬੰਦ ਕਰੇ......ਪਵਨ,ਤਰਸੇਮ*
ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਪ੍ਰਧਾਨ ਪਵਨ ਮਸੀਹ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਆਏ ਦਿਨ ਹੁਕਮਾਂ ਦੁਆਰਾ ਅਧਿਆਪਕਾਂ ਨੂੰ ਵੱਖ-ਵੱਖ ਬੈਂਕਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਾਲ ਸਾਂਝੇ ਬੈਂਕ ਖਾਤੇ ਖੁਲਵਾਉਣ ਲਈ ਆਖ ਰਹੀ ਹੈ।ਵਿਭਾਗ ਵਲੋਂ ਕਦੇ ਭਾਰਤੀ ਸਟੇਟ ਬੈਂਕ,ਕੇਨਰਾ ਬੈਂਕ,ਐਕਸਿਸ ਬੈਂਕ ਅਤੇ ਹੁਣ ਐਚ ਡੀ ਐਫ ਸੀ ਬੈਂਕ ਵਿੱਚ ਖਾਤਾ ਖੁਲਵਾਉਣ ਦੇ ਨਵੇਂ ਫੁਰਮਾਨ ਜਾਰੀ ਕੀਤੇ ਹਨ।ਇਸ ਤੋਂ ਪਹਿਲਾਂ ਅਧਿਆਪਕਾਂ ਤੋਂ ਸਕੂਲ ਮੈਨੇਜਮੈਂਟ ਕਮੇਟੀ ਸਟੇਟ ਸਕੀਮ ਫੰਡ ਦੇ ਨਾਂ ਤੇ ਵੀ ਖਾਤਾ ਖੁਲਵਾਇਆ ਗਿਆ ਹੈ।ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਅਤੇ ਮਿਡ ਡੇ ਮੀਲ ਦੇ ਬੈਂਕ ਖਾਤੇ ਪਹਿਲਾਂ ਹੀ ਵੱਖ-ਵੱਖ ਬੈਕਾਂ ਵਿੱਚ ਚਲ ਰਹੇ ਹਨ।ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਲਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਬੈਂਕਾਂ ਪੇਂਡੂ ਖੇਤਰਾਂ ਵਿੱਚ 10-15 ਕਿਲੋਮੀਟਰ ਦੂਰ ਅਤੇ ਵੱਖ-ਵੱਖ ਦਿਸ਼ਾਵਾਂ ਵਿੱਚ ਸਥਿਤ ਹਨ।ਇਸਤਰੀ ਅਧਿਆਪਕਾਂ ਨੂੰ ਇਨ੍ਹਾਂ ਬੈਂਕਾਂ ਵਿੱਚ ਆਉਣ-ਜਾਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬੈਂਕਾਂ ਵਲੋਂ ਸਕੂਲਾਂ ਤੱਕ ਨਾ ਪਹੁੰਚਣ ਦਾ ਕਾਰਨ ਸਟਾਫ਼ ਦੀ ਕਮੀ ਦੱਸਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤਾਂ ਕਮੇਟੀ ਚੇਅਰਮੈਨ ਵੀ ਬੈਂਕ ਖਾਤੇ ਖੁਲਵਾਉਣ ਤੋਂ ਅੱਕੇ ਪਏ ਹਨ।ਜਥੇਬੰਦੀ ਦੇ ਦੋਵਾਂ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਅਧਿਆਪਕਾਂ ਦੀ ਹੋ ਰਹੀ ਇਸ ਖੱਜਲ-ਖੁਆਰੀ ਨੂੰ ਰੋਕਣ ਦੀ ਪੁਰਜ਼ੋਰ ਮੰਗ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਵਿੱਤ ਸਕੱਤਰ ਦਿਲਬਾਗ ਸਿੰਘ,ਅਸ਼ੋਕ ਕੁਮਾਰ,ਅਮਨਦੀਪ ਸਿੰਘ,ਜਸਵੰਤ ਸਿੰਘ, ਰਵੀ ਕੁਮਾਰ, ਸੁਖਵਿੰਦਰ ਸਿੰਘ, ਮਥਰੇਸ਼ ਕੁਮਾਰ,ਰਾਮਪਾਲ,ਨਰੇਸ਼ ਕੁਮਾਰ,ਹੀਰਾ ਲਾਲ,ਜਸਵਿੰਦਰ ਸੰਘਾ,ਕੁਲਦੀਪ ਕੁਮਾਰ,ਰਵਿੰਦਰ ਕੁਮਾਰ,ਸਤੀਸ਼ ਕੁਮਾਰ,ਇੰਦਰਜੀਤ ਆਦਮਪੁਰ,ਸਤੀਸ਼ ਕੁਮਾਰੀ,ਮਨਿੰਦਰ ਕੌਰ,ਪਰਮਜੀਤ ਕੌਰ,ਡਿੰਪਲ ਸ਼ਰਮਾ,ਮਨਸਿਮਰਤ ਕੌਰ,ਅੰਜਲਾ ਸ਼ਰਮਾ,ਪੂਜਾ ਮਹੰਤ ਅਤੇ ਹੋਰ ਅਧਿਆਪਕ ਹਾਜ਼ਰ ਸਨ।