"ਹਰ ਘਰ ਦਸਤਕ ਮੁਹਿੰਮ" ਤਹਿਤ ਕੋਵਿਡ ਰੋਕੂ ਟੀਕਾਕਰਨ ਦੇ 100 ਫੀਸਦੀ ਟੀਚੇ ਨੂੰ ਕੀਤਾ ਜਾਵੇਗਾ ਪੂਰਾ : ਡਾ ਗੀਤਾਂਜਲੀ ਸਿੰਘ
ਨਵਾਂਸ਼ਹਿਰ, 20 ਨਵੰਬਰ 2021 :- ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸਾਂ ਮੁਤਾਬਿਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ, ਜਿਸ ਤਹਿਤ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਪਿੰਡ ਉਸਮਾਨਪੁਰ ਵਿਖੇ ਅੱਜ ਟੀਕਾਕਰਨ ਕੈਂਪ ਲਗਾਇਆ ਗਿਆ।
ਇਸ ਮੌਕੇ ਪ੍ਰਾਇਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਕੋਵਿਡ-19 ਰੋਕੂ ਟੀਕਾਕਰਨ ਕੈਂਪਾਂ ਤੋਂ ਇਲਾਵਾ ਸਿਹਤ ਵਿਭਾਗ ਨੇ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ "ਹਰ ਘਰ ਦਸਤਕ" ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸਦਾ ਮੁੱਖ ਉਦੇਸ਼ ਵੈਕਸੀਨੇਸ਼ਨ ਜ਼ਰੀਏ ਕੋਵਿਡ-19 ਦੇ ਸੰਕ੍ਰਮਣ ਤੋਂ ਲੋਕਾਂ ਦਾ ਬਚਾਅ ਕਰਨਾ ਹੈ।
ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ "ਹਰ ਘਰ ਦਸਤਕ" ਮੁਹਿੰਮ ਤਹਿਤ ਆਸ਼ਾ ਵਰਕਰਾਂ ਨੇ ਬਲਾਕ ਵਿੱਚ ਘਰ-ਘਰ ਜਾ ਕੇ ਉਨ੍ਹਾਂ ਲੋਕਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਨੇ ਹਾਲੇ ਤੱਕ ਆਪਣੀ ਵੈਕਸੀਨੇਸ਼ਨ ਸ਼ੁਰੂ ਨਹੀਂ ਕਰਵਾਈ ਜਾਂ ਫਿਰ ਜਿਨ੍ਹਾਂ ਦੀ ਦੂਜੀ ਡੋਜ ਡਿਊ ਹੈ।
ਡਾ ਸਿੰਘ ਨੇ ਸਮੂਹ ਟੀਕਾਕਰਨ ਅਧਿਕਾਰੀਆਂ ਨੂੰ ਆਪਣੇ ਏਰੀਆ ਵਿਚ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੂਰੇ ਨਵੰਬਰ ਮਹੀਨੇ ਚੱਲਣ ਵਾਲੀ ਹਰ ਘਰ ਦਸਤਕ ਮੁਹਿੰਮ ਦੇ ਤਹਿਤ ਬਲਾਕ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ 100 ਫੀਸਦੀ ਕਵਰ ਕੀਤਾ ਜਾਏਗਾ ਅਤੇ ਸਾਰੇ ਯੋਗ ਵਿਅਕਤੀਆਂ ਨੂੰ ਟੀਕੇ ਲਾਉਣ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾਵੇਗਾ।
ਸੀਨੀਅਰ ਮੈਡੀਕਲ ਅਫਸਰ ਨੇ ਅੱਗੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ‘ਹਰ ਘਰ ਦਸਤਕ’ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਲਾਕ ਵਿੱਚ ਕੋਈ ਵੀ ਯੋਗ ਵਿਅਕਤੀ ਕੋਵਿਡ-19 ਟੀਕਾਕਰਨ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਵਿੱਚ ਵੱਡੀ ਗਿਣਤੀ ਵਿਚ ਲੋਕ ਅਜਿਹੇ ਹਨ ਜਿਨ੍ਹਾਂ ਨੇ ਸਮਾਂ ਬੀਤ ਜਾਣ ਦੇ ਬਾਵਜੂਦ ਦੂਜੀ ਖੁਰਾਕ ਨਹੀਂ ਲਈ ਹੈ। ਉਨ੍ਹਾਂ ਅਜਿਹੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਦੂਜਾ ਟੀਕਾ ਛੇਤੀ ਤੋਂ ਛੇਤੀ ਲਗਵਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਰਲ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼ ਅਤੇ ਆਸ਼ਾ ਸੁਪਰਵਾਈਜਰ ਸਰਬਜੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।