ਡੀਈਓ ਵੱਲੋਂ ਸਰਕਾਰੀ ਸਕੂਲਾਂ ਦੀ ਚੈਕਿੰਗ
ਤਿੰਨ ਅਧਿਆਪਕਾਂ ਨੂੰ ਗੈਰ ਹਾਜ਼ਰ ਰਹਿਣ ਤੇ ਕਾਰਣ ਦੱਸੋ ਨੋਟਿਸ।
ਪਠਾਨਕੋਟ, 8 ਅਕਤੂਬਰ ( ) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਠਾਨਕੋਟ ਜਸਵੰਤ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ, ਹਾਈ ਸਕੂਲ ਜਨਿਆਲ , ਮਿਡਲ ਸਕੂਲ ਕਿੱਲਪੁਰ, ਮਿਡਲ ਸਕੂਲ ਮੁੱਠੀ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਸਕੂਲ ਆਏ ਹੋਏ ਵਿਦਿਆਰਥੀਆਂ ਦੀ ਆਪ ਕਲਾਸ ਲਗਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ ਅਤੇ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਅਧਿਆਪਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਿਸ ‘ਚ ਸਕੂਲ ਦੇ ਸਲਾਨਾ ਨਤੀਜਿਆਂ, ਵਿਦਿਆਰਥੀਆਂ ਦੀ ਹਾਜ਼ਰੀ, ਕਿਤਾਬਾਂ ਦੀ ਵੰਡ, ਅੰਗਰੇਜ਼ੀ ਵਿਸ਼ੇ, ਈ-ਕੰਨਟੈਂਟ, ਲਾਈਬਰੇਰੀ, ਐਜੂਸੈਟ, ਕੰਪਿਊਟਰ ਲੈਬ ਅਤੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਉਣ ਵਰਗੇ ਨੁਕਤਿਆਂ ‘ਤੇ ਚਰਚਾ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ 4 ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣਾ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਚਾਰਾਂ ਸਕੂਲਾਂ ‘ਚ ਵਿਦਿਆਰਥੀਆਂ ਦੀ ਹਾਜ਼ਰੀ ਤਸਲੀਬਖ਼ਸ਼ ਸੀ, ਪ੍ਰੰਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਵਿੱਚ ਤਿੰਨ ਅਧਿਆਪਕ ਗੈਰ ਹਾਜ਼ਰ ਸਨ। ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਡੀਈਓ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਦਾ ਵੀ ਅਚਨਚੇਤ ਨਿਰੀਖਣ ਜਾਰੀ ਰਹੇਗਾ ਜਿਸ ਦਾ ਮੁੱਖ ਮੰਤਵ ਸਿੱਖਿਆ ‘ਚ ਹੋਰ ਸੁਧਾਰ ਹੈ।
ਫੋਟੋ ਕੈਪਸਨ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਵਿੱਚ ਬੱਚਿਆਂ ਦੇ ਪੱਧਰ ਦੀ ਜਾਂਚ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ।