ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਨੂੰ ਦਿੱਤੀ ਸਿਖਲਾਈ
ਨੂਰਪੁਰ ਬੇਦੀ 06 ਅਕਤੂਬਰ ()
ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਅਧੀਨ ਘਰਾਂ ਦੇ ਵਾਧੂ ਦੌਰੇ ਕਰਨ ਸਬੰਧੀ ਸਿਹਤ ਬਲਾਕ ਨੂਰਪੁਰਬੇਦੀ ਦੀਆਂ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਜ਼ ਨੂੰ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਤੇ ਡਾ.ਵਿਧਾਨ ਚੰਦਰ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮੌਤਾਂ ਅਤੇ ਬਿਮਾਰੀਆਂ ਨੂੰ ਘਟਾਉਣਾ, ਨਿੱਕੇ ਬੱਚਿਆਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਾ ਅਤੇ ਨਿੱਕੇ ਬੱਚਿਆਂ ਵਿਚ ਵਾਜਬ ਵਾਧੇ ਨੂੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਆਸ਼ਾ ਵਰਕਰਾਂ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ, ਬਿਮਾਰ ਬੱਚਿਆਂ, ਕੁਪੋਸ਼ਣ ਦਾ ਸ਼ਿਕਾਰ ਬੱਚਿਆਂ, ਨਵਜੰਮੇ ਬੱਚਿਆਂ ਦੀ ਦੇਖਭਾਲ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੀਆਂ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਿਤੂ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ (ਐਚ.ਬੀ.ਵਾਈ.ਸੀ.) ਦੀ ਪਹਿਲਕਦਮੀ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ 42ਵੇਂ ਦਿਨ ਮਗਰੋਂ ਨਵਜੰਮੇ ਬੱਚੇ ਦੀ ਘਰੇਲੂ ਦੇਖਭਾਲ ਸਬੰਧੀ ਜੱਚਾ-ਬੱਚਾ ਦੇ ਘਰ ਫੇਰੀਆਂ ਤੋਂ ਇਲਾਵਾ ਹੁਣ ਹੋਰ ਜ਼ਅਿਾਦਾ ਘਰਾਂ ਦਾ ਦੌਰਾ ਕਰਨਗੀਆਂ। ਘਰਾਂ ਦੀਆਂ ਵਾਧੂ ਦੇਖਭਾਲ ਫੇਰੀਆਂ ਨਾਲ ਆਸ਼ਾ ਵਰਕਰਾਂ ਪਹਿਲੇ ਛੇ ਮਹੀਨਿਆਂ ਲਈ ਕੇਵਲ ਮਾਂ ਦਾ ਦੁੱਧ ਪਿਲਾਉਣ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਛੇ ਮਹੀਨੇ ਦੇ ਅਤੇ ਹੋਰ ਵੱਡੇ ਹੋ ਜਾਣ ’ਤੇ ਬੱਚਿਆਂ ਲਈ ਵਕਤ ਸਿਰ, ਚੋਖੇ ਅਤੇ ਪੌਸ਼ਟਿਕ ਭੋਜਨ ਖਵਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰੇਗੀ।ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਘਰਾਂ ਦੇ ਦੌਰੇ ਸਮੇਂ ਜਰੂਰੀ ਗੱਲਾਂ ਦਾ ਖਿਆਲ ਰੱਖਣ, ਜੱਚਾ ਬੱਚਾ ਦੀ ਸਿਹਤ, ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਟੀਕਾਕਰਨ, ਬੱਚਿਆਂ ਦੀ ਸਿਹਤ ਸੁਧਾਰ ਲਈ ਚੁੱਕੇ ਜਾਣ ਵਾਲੇ ਕਦਮ, ਪਰਿਵਾਰ ਨਿਯੋਜਨ ਅਤੇ ਸਾਫ ਸਫਾਈ ਸਬੰਧੀ ਸਿੱਖਿਅਤ ਕੀਤਾ ਗਿਆ।