ਕਿਰਤੀ ਕਿਸਾਨ ਯੂਨੀਅਨ ਨੇ ਨਵਾਸ਼ਹਿਰ 'ਚ ਸਾੜੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੋਗੀ ਦੇ ਪੁਤਲੇ
-18 ਅਕਤੂਬਰ ਨੂੰ ਨਵਾਸ਼ਹਿਰ ਰੇਲਵੇ ਸਟੇਸ਼ਨ ਤੇ ਧਰਨਾ ਲਾਉਣ ਦਾ ਕੀਤਾ ਐਲਾਨ
ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਦਿੱਤਿਆ ਨਾਥ ਜੋਗੀ ਦੇ ਪੁਤਲੇ ਸਾੜਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਕਾਰਕੁੰਨ। |
ਨਵਾਸ਼ਹਿਰ 16 ਅਕਤੂਬਰ ( ) ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਸਥਾਨਕ ਮੌਲ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ.ਪ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਜੋਗੀ ਦੇ ਪੁਤਲੇ ਸਾੜੇ ਗਏ।ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬੂਟਾ ਸਿੰਘ ਮਹਿਮੂਦ ਪੁਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਮੋਦੀ ਸਰਕਾਰ ਬਹੁਤ ਸਾਰੀਆਂ ਬੁਰਾਈਆਂ ਦਾ ਧੁਰਾ ਹੈ ਜੋ ਆਪਣੇ ਦੋਸ਼ੀ ਮੰਤਰੀਆਂ ਅਤੇ ਭਾਜਪਾ ਵਰਕਰਾਂ ਨੂੰ ਬਚਾਉਣ ਲਈ ਤਾਂ ਆਪਣਾ ਸਾਰਾ ਟਿੱਲ ਲਾ ਰਹੀ ਹੈ ਪਰ ਕਿਸਾਨੀ ਘੋਲ ਵਿਚ ਸ਼ਹੀਦ ਹੋਣ ਵਾਲੇ 600 ਤੋਂ ਵੱਧ ਕਿਸਾਨਾਂ ਦੀ ਹਮਦਰਦੀ ਵਿਚ ਇਕ ਵੀ ਸ਼ਬਦ ਨਹੀਂ ਆਖਦੀ।ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦੇਸ਼ ਵਿਆਪੀ ਘੋਲ ਲੜ ਰਹੇ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਅਤੇ ਫਾਸ਼ੀਵਾਦੀ ਰਵੱਈਆ ਅਪਣਾਕੇ ਆਪਣੇ ਹੱਥੀਂ ਜਮਹੂਰੀਅਤ ਦਾ ਗਲਾ ਘੁੱਟਣ ਤੇ ਉਤਾਰੂ ਹੈ।ਦੇਸ਼ ਦੀ ਸੰਪਤੀ ਨੂੰ ਆਪਣੇ ਚਹੇਤੇ ਕਾਰਪੋਰੇਟਰਾਂ ਹਵਾਲੇ ਕਰਕੇ ਦੇਸ਼ ਦੀ ਜਨਤਾ ਨੂੰ ਲੁੱਟਾਉਣ ਦਾ ਰਾਹ ਪੱਧਰਾ ਕਰ ਰਹੀ ਹੈ,ਸਾਮਰਾਜਵਾਦੀ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਦੇ ਗਲ੍ਹ ਗੁਲਾਮੀ ਦਾ ਰੱਸਾ ਕੱਸ ਰਹੀ ਹੈ ਪਰ ਫਿਰ ਵੀ ਆਪਣੇ ਆਪਨੂੰ ਬਹੁਤ ਵੱਡੀ ਦੇਸ਼ ਭਗਤ ਹੋਣ ਦੇ ਦਾਅਵੇ ਕਰ ਰਹੀ ਹੈ।ਪੰਜਾਬ ਸਮੇਤ ਕਈ ਸੂਬਿਆਂ ਨੂੰ ਕੇਂਦਰੀ ਬੱਲ ਬੀ.ਐਸ. ਐਫ ਦਾ ਘੇਰਾ ਵਧਾਕੇ ਸਿੱਧਾ ਆਪਣੇ ਕੰਟਰੋਲ ਵਿਚ ਕਰਨ ਦੇ ਸੰਘੀ ਢਾਂਚੇ ਵਿਰੋਧੀ ਕਦਮ ਚੁੱਕ ਰਹੀ ਹੈ।ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਨੇ ਦੇਸ਼ ਦੀ ਜਨਤਾ ਵਿਚ ਨਵੀਂ ਚੇਤਨਾ ਪੈਦਾ ਕੀਤੀ ਹੈ।ਮੋਦੀ ਸਰਕਾਰ ਇਸ ਜਨਚੇਤਨਾ ਨੂੰ ਆਪਣੇ ਸੁਪਨਿਆਂ ਦੇ ਹਿੰਦੂ ਰਾਸ਼ਟਰ ਲਈ ਅੜਿੱਕਾ ਸਮਝਦੀ ਹੈ।ਇਸ ਲਈ ਚੇਤਨ ਆਗੂਆਂ, ਕਾਰਕੁਨਾਂ, ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ, ਅਸਲੀ ਜਮਹੂਰੀਅਤ ਦੀ ਰਾਖੀ ਕਰਨ ਵਾਲਿਆਂ ਲਈ ਇਕ ਤੋਂ ਬਾਅਦ ਇਕ ਕਾਲੇ ਕਾਨੂੰਨ ਘੜ ਰਹੀ ਹੈ।ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਰੇਲ ਰੋਕੋ ਸੱਦੇ ਤੇ 18 ਅਕਤੂਬਰ ਨੂੰ ਨਵਾਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨਾਂ ਵਲੋਂ ਧਰਨਾ ਲਾਇਆ ਜਾਵੇਗਾ।ਇਸ ਮੌਕੇ ਰਣਜੀਤ ਕੌਰ ਮਹਿਮੂਦ ਪੁਰ ਅਤੇ ਸਾਥਣਾਂ ਨੇ ਗੀਤ ਵੀ ਪੇਸ਼ ਕੀਤੇ।