ਮੁੱਖ ਮੰਤਰੀ, ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਪਹੁੰਚੇ ਵਿਧਾਇਕ ਅੰਗਦ ਸਿੰਘ
*ਲਖੀਮਪੁਰ ਖੀਰੀ ਦੀ ਨਿਰਦਈ ਘਟਨਾ ਦੀ ਕੀਤੀ ਸਖ਼ਤ ਨਿਖੇਧੀ
ਨਵਾਂਸ਼ਹਿਰ, 7 ਅਕਤੂਬਰ :
ਵਿਧਾਇਕ ਅੰਗਦ ਸਿੰਘ ਅੱਜ ਕਿਸਾਨਾਂ ਦੇ ਹੱਕਾਂ ਲਈ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਆਪਣੇ ਸਾਥੀਆਂ ਸਮੇਤ ਨਵਾਂਸ਼ਹਿਰ ਤੋਂ ਚੰਡੀਗੜ ਲਈ ਰਵਾਨਾ ਹੋਏ, ਜਿਥੋਂ ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੈਬਨਿਟ ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਲਈ ਚਾਲੇ ਪਾਏ। ਇਸ ਦੌਰਾਨ ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗੱਡੀਆਂ ਦਾ ਵਿਸ਼ਾਲ ਕਾਫਲਾ ਉਥੇ ਪਹੁੰਚਿਆ ਹੈ। ਵਿਧਾਇਕ ਅੰਗਦ ਸਿੰਘ ਨੇ ਲਖੀਮਪੁਰ ਖੀਰੀ ਦੀ ਨਿਰਦਈ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸ਼ਾਂਤਮਈ ਰੋਸ ਪ੍ਰਗਟਾ ਰਹੇ ਭੋਲੇ-ਭਾਲੇ ਕਿਸਾਨਾਂ ਨੂੰ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਦਰੜਨਾ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਹੈ। ਉਨਾਂ ਕਿਹਾ ਕਿ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀਆਂ ਘਿਨਾਉਣੀਆਂ ਹਰਕਤਾਂ ਦੀ ਬਜਾਏ ਜਮਹੂਰੀ ਕਦਰਾਂ-ਕੀਮਤਾਂ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ। ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਨਾਲ ਇਕਜੁਟਤਾ ਪ੍ਰਟਾਉਂਦਿਆਂ ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਕਿਸਾਨਾਂ ਦੇ ਮਨੋਬਲ ਨੂੰ ਢਾਹ ਲਾਉਣ ਦੇ ਨਾਪਾਕ ਇਰਾਦੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਕੈਪਸ਼ਨ :
ਲਖੀਮਪੁਰ ਖੀਰੀ ਲਈ ਰਵਾਨਾ ਹੋਣ ਮੌਕੇ ਵਿਧਾਇਕ ਅੰਗਦ ਸਿੰਘ ਚੰਡੀਗੜ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਨਾਲ। |