ਸਿੱਖਿਆ ਪ੍ਰੋਵਾਈਡਰਾਂ ਨੂੰ ਸੇਵਾਵਾਂ ਰੈਗੂਲਰ ਦੀ ਹੋਈ ਉਮੀਦ
ਡੇਢ ਦਹਾਕੇ ਤੋਂ ਨਿਗੂਣੀਆਂ ਤਨਖਾਹਾਂ 'ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਆ ਰਹੇ ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਅੱਜ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਉਚ ਅਧਿਕਾਰੀਆਂ ਨਾਲ ਸੁਖਾਵੇਂ ਮਾਹੌਲ ਚ ਹੋਈ ਪੈਨਲ ਮੀਟਿੰਗ ਮਗਰੋਂ ਉਨ੍ਹਾਂ ਨੂੰ ਦਸ ਸਾਲਾ ਪਾਲਿਸੀ ਚ ਪੱਕੇ ਹੋਣ ਦੀ ਆਸ ਬੱਝੀ ਹੈ। ਅੱਜ ਦੀ ਮੀਟਿੰਗ 'ਚ ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੇ ਨੁਮਾਇੰਦਿਆਂ ਵਜੋਂ ਕਨਵੀਨਰ ਜੁਗਰਾਜ ਸਿੰਘ ਸੰਗਰੂਰ ਅਤੇ ਸੁਖਵਿੰਦਰ ਸਿੰਘ ਪਟਿਆਲਾ ਨੇ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਦੱਸੀ।
ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਉਚ ਅਧਿਕਾਰੀਆਂ ਨੇ ਟਰੇਡ ਸਿੱਖਿਆ ਪ੍ਰੋਵਾਈਡਰ ਜੋ ਨੌਕਰੀ 'ਤੇ ਲੱਗਣ ਸਮੇਂ ਤੋਂ ਆਪਣੀ ਪੂਰੀ ਯੋਗਤਾ ਰੱਖਦੇ ਸਨ ਅਤੇ ਜਿਨ੍ਹਾਂ ਨੂੰ ਬਕਾਇਦਾ ਟੁੱਟ ਤੋਂ ਵੀ ਛੋਟ ਮਿਲੀ ਹੋਈ ਹੈ ਸਮੇਤ ਸਾਰੇ ਰੱਖੇ ਪੱਖ ਧਿਆਨ ਨਾਲ ਸੁਣੇ।
ਉਕਤ ਆਗੂਆਂ ਅਨੁਸਾਰ ਸਿੱਖਿਆ ਮੰਤਰੀ ਨੇ ਜਿੱਥੇ ਟਰੇਂਡ ਅਧਿਆਪਕਾਂ ਨੂੰ ਦਸ ਸਾਲਾ ਪਾਲਿਸੀ ਵਿੱਚ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਉਥੇ ਉਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਧਿਆਪਕਾਂ ਨਾਲ ਉਪਰੋਥਲੀ ਸਿੱਧਾ ਰਾਬਤਾ ਕਰਕੇ ਰੈਗੂਲਰ ਸੇਵਾਵਾਂ ਦੀ ਕਾਰਵਾਈ ਨੂੰ ਅੱਗੇ ਤੋਰਨ ਲਈ ਸਮੂਹ ਪੱਖ ਵਿਚਾਰੇ ਜਾਣ। ਮੀਟਿੰਗ ਤੋਂ ਪੂਰੀ ਤਰ੍ਹਾਂ ਆਸਵੰਦ ਅਧਿਆਪਕਾਂ ਨੇ ਭਾਵੇਂ ਤਸੱਲੀ ਦਾ ਪ੍ਰਗਟਾਵਾ ਕੀਤਾ ਪਰ ਸਰਕਾਰ ਦਾ ਸਮਾਂ ਕੁੱਝ ਮਹੀਨੇ ਰਹਿਣ ਕਰ ਕੇ 20 ਅਕਤੂਬਰ ਤੱਕ ਅਧਿਕਾਰੀਆਂ ਨੂੰ ਠੋਸ ਨੀਤੀ ਤਿਆਰ ਕਰਨ ਦਾ ਸਮਾਂ ਦਿੱਤਾ ਹੈ।