ਅਹਿਮ ਖਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਬੰਪਰ ਭਰਤੀਆਂ ਕਰਨ ਦਾ ਐਲਾਨ

 ਸਹਿਕਾਰੀ ਬੈਂਕਾਂ ਦੇ 159 ਸਹਾਇਕ ਮੈਨੇਜਰਾਂ ਨੂੰ ਮੈਨੇਜਰ ਅਤੇ 55 ਮੈਨੇਜਰਾਂ ਨੂੰ ਸੀਨੀਅਰ ਮੈਨੇਜਰ ਪਦ-ਉੱਨਤ ਕਰਨ ਦਾ ਫੈਸਲਾ


 


· ਸਹਿਕਾਰੀ ਬੈਂਕ ਦੀਆਂ 820 ਸ਼ਾਖਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ 856 ਅਸਾਮੀਆਂ ਦੀ ਨਵੀਂ ਭਰਤੀ ਜਲਦ ਮੁਕੰਮਲ ਹੋਵੇਗੀ -ਸੁਖਜਿੰਦਰ ਸਿੰਘ ਰੰਧਾਵਾ


 


· ਉਪ ਮੁੱਖ ਮੰਤਰੀ ਨੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਕਾਰੀ ਅਦਾਰਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ


 


ਚੰਡੀਗੜ੍ਹ, 14 ਅਕਤੂਬਰ


 


ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਸਹਾਇਕ ਮੈਨੇਜਰ ਤੋਂ ਮੈਨੇਜਰ ਅਤੇ ਮੈਨੇਜਰ ਤੋਂ ਸੀਨੀਅਰ ਮੈਨੇਜਰ ਦੀਆਂ ਕੁੱਲ 214 ਤਰੱਕੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਹਿਕਾਰੀ ਬੈਂਕਾਂ ਵਿੱਚ 856 ਅਸਾਮੀਆਂ ਦੀ ਨਵੀਂ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।


 


        ਉਪ ਮੁੱਖ ਮੰਤਰੀ ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਕਾਰੀ ਅਦਾਰਿਆਂ ਨੂੰ ਤਕੜਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸਹਿਕਾਰੀ ਬੈਂਕਾਂ ਨੂੰ ਕਮਰਸ਼ੀਅਲ ਬੈਂਕਾਂ ਦੇ ਮੁਕਾਬਲੇ ਦਾ ਬਣਾਉਣ ਦੇ ਟੀਚੇ ਨਾਲ ਇਨ੍ਹਾਂ ਬੈਂਕਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਪਦ-ਉੱਨਤੀਆਂ ਦੀ ਲੰਬੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ 214 ਤਰੱਕੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 159 ਸਹਾਇਕ ਮੈਨੇਜਰਾਂ ਨੂੰ ਬਤੌਰ ਮੈਨੇਜਰ ਅਤੇ 55 ਮੈਨੇਜਰਾਂ ਨੂੰ ਬਤੌਰ ਸੀਨੀਅਰ ਮੈਨੇਜਰ ਪਦ-ਉੱਨਤ ਕੀਤਾ ਗਿਆ ਹੈ।


 


        ਸਹਿਕਾਰੀ ਬੈਂਕਾਂ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਅਸਾਮੀਆਂ ਦੀ ਭਰਤੀ ਬਾਰੇ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਸਹਿਕਾਰੀ ਬੈਂਕ ਦੀਆਂ 820 ਸ਼ਾਖਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗਾਹਕਾਂ ਨੂੰ ਸਮੇਂ ਸਿਰ ਅਤੇ ਵਧੀਆ ਸੇਵਾਵਾਂ ਦੇਣ ਲਈ ਵੱਖ-ਵੱਖ ਕਾਡਰਾਂ ਵਿੱਚ ਕੁੱਲ 856 ਅਸਾਮੀਆਂ ਦੀ ਨਵੀਂ ਭਰਤੀ ਦੀ ਸ਼ੁਰੂ ਕੀਤੀ ਪ੍ਰਕਿਰਿਆ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ।


 


ਉਪ ਮੁੱਖ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਸਿੱਧੇ ਤੌਰ ਉਤੇ ਸੂਬੇ ਦੇ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਸਹਿਕਾਰਤਾ ਖੇਤਰ ਖੇਤੀਬਾੜੀ ਤੇ ਪੇਂਡੂ ਖੇਤਰ ਦੀ ਰੀੜ੍ਹ ਦੀ ਹੱਡੀ ਹੈ ਜਿਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸ. ਰੰਧਾਵਾ ਨੇ ਕਿਹਾ ਕਿ ਸਹਿਕਾਰੀ ਅਦਾਰਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends