ਖੇਡ ਮੰਤਰੀ ਪਰਗਟ ਸਿੰਘ ਵੱਲੋਂ ਸਾਲ 2018-19 ਤੇ 2019-20 ਲਈ 3000 ਤੋਂ ਵੱਧ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮ ਦੇਣ ਦੀ ਮਨਜ਼ੂਰੀ

 ਖੇਡ ਮੰਤਰੀ ਪਰਗਟ ਸਿੰਘ ਵੱਲੋਂ ਸਾਲ 2018-19 ਤੇ 2019-20 ਲਈ 3000 ਤੋਂ ਵੱਧ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮ ਦੇਣ ਦੀ ਮਨਜ਼ੂਰੀ*


*ਐਵਾਰਡ ਜੇਤੂ ਤੇ ਸਾਬਕਾ ਓਲੰਪੀਅਨਾਂ ਨਾਲ ਜੁੜੇ ਮਾਮਲਿਆਂ ਉਤੇ ਵਿਚਾਰ ਲਈ ਹੋਵੇਗੀ ਜਲਦ ਮੀਟਿੰਗ*


*ਪੰਜਾਬ ਓਲੰਪਿਕ ਐਸੋਸੀਏਸ਼ਨ ਨਾਲ ਵੀ ਕੀਤੀ ਜਾਵੇਗੀ ਮੀਟਿੰਗ*


ਚੰਡੀਗੜ੍ਹ, 18 ਅਕਤੂਬਰ


ਖੇਡ ਮੰਤਰੀ ਪਰਗਟ ਸਿੰਘ ਵੱਲੋਂ ਅੱਜ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ਉਤੇ ਪ੍ਰਾਪਤੀਆਂ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਤੇ ਕੋਚਾਂ ਦੇ ਪਿਛਲੇ ਦੋ ਸਾਲਾਂ ਤੋਂ ਰੁਕੇ ਪਏ ਨਗਦ ਇਨਾਮਾਂ ਨੂੰ ਦੇਣ ਦੀ ਪ੍ਰਵਾਨਗੀ ਦਿੱਤੀ ਗਈ। ਸਾਲ 2018-19 ਤੇ 2019-20 ਲਈ 3000 ਤੋਂ ਵੱਧ ਖਿਡਾਰੀਆਂ ਨੂੰ 11 ਕਰੋੜ ਰੁਪਏ ਤੋੰ ਵੱਧ ਇਨਾਮ ਰਾਸ਼ੀ ਦਿੱਤੀ ਜਾਵੇਗੀ।



ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਐਵਾਰਡ ਦੇਣ ਸਬੰਧੀ ਖੇਡ ਮੰਤਰੀ ਦੀ ਪ੍ਰਧਾਨਗੀ ਹੇਠ ਸੱਦੀ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿੱਚ ਖੇਡ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਡਾਇਰੈਕਟਰ ਪਰਮਿੰਦਰ ਸਿੰਘ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ, ਖੇਡ ਮਾਹਿਰ ਵਜੋਂ ਕਮੇਟੀ ਦੇ ਮੈਂਬਰ ਅਰਜੁਨਾ ਐਵਾਰਡੀ ਕਰਨਲ ਬਲਬੀਰ ਸਿੰਘ ਤੇ ਜੈਪਾਲ ਸਿੰਘ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਡਿਪਟੀ ਡਾਇਰੈਕਟਰ ਭੁਪਿੰਦਰ ਸਿੰਘ ਸ਼ਾਮਲ ਹੋਏ।


ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਜਾਰੀ ਬਿਆਨ ਵਿੱਚ ਸ. ਪਰਗਟ ਸਿੰਘ ਨੇ ਕਿਹਾ ਕਿ ਵੱਖ-ਵੱਖ ਖੇਡਾਂ ਵਿੱਚ ਕੌਮਾਂਤਰੀ ਪੱਧਰ ਤੱਕ ਤਮਗੇ ਜਿੱਤਣ ਵਾਲੇ ਖਿਡਾਰੀਆਂ ਤੇ ਖਿਡਾਰੀਆਂ ਦੇ ਕੋਚਾਂ ਨੂੰ ਖੇਡ ਨੀਤੀ ਤਹਿਤ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਰੁਕੇ ਐਵਾਰਡ ਇਕ ਮਹੀਨੇ ਅੰਦਰ ਦਿੱਤੇ ਜਾਣਗੇ ਜਿਸ ਸੰਬੰਧੀ ਖਿਡਾਰੀਆਂ ਤੇ ਕੋਚਾਂ ਦੀ ਸੂਚੀ ਆਉਂਦੇ ਕੁਝ ਦਿਨਾਂ ਵਿੱਚ ਫ਼ਾਈਨਲ ਕਰ ਦਿੱਤੀ ਜਾਵੇਗੀ।


ਖੇਡ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਖਿਡਾਰੀ ਜਿਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਉਹ ਨਗਦ ਇਨਾਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਸਾਲ 2018-19 ਲਈ 1000 ਤੋਂ ਵੱਧ ਖਿਡਾਰੀਆਂ ਤੇ ਕੋਚਾਂ ਅਤੇ ਸਾਲ 2019-20 ਲਈ 2000 ਤੋੰ ਵੱਧ ਖਿਡਾਰੀਆਂ ਤੇ ਕੋਚਾਂ ਨੂੰ ਇਹ ਨਗਦ ਇਨਾਮ ਦਿੱਤੇ ਜਾਣਗੇ।


ਇਕ ਹੋਰ ਫ਼ੈਸਲੇ ਵਿੱਚ ਖੇਡ ਮੰਤਰੀ ਵੱਲੋਂ ਪੰਜਾਬ ਨਾਲ ਸਬੰਧਤ ਐਵਾਰਡ ਜੇਤੂ ਤੇ ਸਾਬਕਾ ਓਲੰਪੀਅਨਾਂ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ ਅਤੇ ਪੰਜਾਬ ਵਿੱਚ ਖੇਡਾਂ ਲਈ ਸਾਜਗਾਰ ਮਾਹੌਲ ਬਣਾਉਣ ਲਈ ਉਨ੍ਹਾਂ ਦੇ ਕੀਮਤੀ ਸੁਝਾਅ ਲਏ ਜਾਣਗੇ। ਇਸੇ ਤਰ੍ਹਾਂ ਖੇਡ ਐਸੋਸੀਏਸ਼ਨਾਂ ਨਾਲ ਮਿਲ ਕੇ ਚੱਲਣ ਲਈ ਆਪਸੀ ਤਾਲਮੇਲ ਨੂੰ ਹੋਰ ਬਣਾਉਣ ਲਈ ਪੰਜਾਬ ਓਲੰਪਿਕ ਐਸੋਸੀਏਸ਼ਨਾ ਨਾਲ ਵੀ ਜਲਦ ਮੀਟਿੰਗ ਕੀਤੀ ਜਾਵੇਗੀ।

Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends