ਜੂਨੀਅਰ ਵਰਲਡ ਚੈਂਪੀਅਨਸ਼ਿਪ ਦੌਰਾਨ ਮਾਨਸਾ ਦੀ ਨਿਸ਼ਾਨੇਬਾਜ ਨਵਦੀਪ ਕੌਰ ਬੋੜਾਵਾਲ ਨੇ 50 ਮੀਟਰ ਈਵੈਂਟ ਚ ਕਾਂਸੀ ਦਾ ਮੈਡਲ ਦੇਸ਼ ਦੀ ਝੋਲੀ ਪਾਇਆ
ਪੇਰੂ ਦੀ ਰਾਜਧਾਨੀ ਲੀਮਾ ਵਿੱਚ ਨਵਦੀਪ ਬੋੜਾਵਾਲ ਦੀ ਸ਼ਾਨਦਾਰ ਕਾਰਗੁਜ਼ਾਰੀ
ਚੰਡੀਗੜ੍ਹ 10 ਅਕਤੂਬਰ(ਹਰਦੀਪ ਸਿੰਘ ਸਿੱਧੂ)ਪੇਰੂ ਦੀ ਰਾਜਧਾਨੀ ਲੀਮਾ ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ (ਨਿਸ਼ਾਨੇਬਾਜ਼ੀ) ਵਿੱਚ ਪਿੰਡ ਬੋੜਾਵਾਲ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਨਿਸ਼ਾਨੇਬਾਜ਼ੀ ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ।
ਨਵਦੀਪ ਕੌਰ ਪੁੱਤਰੀ ਅਵਤਾਰ ਸਿੰਘ ਸੇਖੋਂ ਤੇ ਹਰਵਿੰਦਰ ਕੌਰ ਸੇਖੋਂ ਦੀ ਉਹ ਹੋਣਹਾਰ ਧੀ ਹੈ ਜਿਸਦੀਆਂ ਪ੍ਰਾਪਤੀਆਂ ਦੀ ਲਿਸਟ ਲੰਬੀ ਹੈ।ਉਸਨੇ ਸਕੂਲ ਗੇਮਜ ਨਿਸ਼ਾਨੇਬਾਜ਼ੀ 10 ਮੀਟਰ ਈਵੈਂਟ ਵਿੱਚੋਂ ਸਟੇਟ ਪੱਧਰ ਤੇ ਚਾਰ ਅਤੇ ਨੈਸ਼ਨਲ ਪੱਧਰ ਤੇ ਇੱਕ ਮੈਡਲ ਪ੍ਰਾਪਤ ਕਰਕੇ ਸੇਖੋ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।ਇੱਥੇ ਹੀ ਬੱਸ ਨਹੀ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਨਿਸ਼ਾਨੇਬਾਜ਼ੀ ( 10 ਮੀਟਰ ) ਈਵੈਂਟ ਵਿਚ ਟਰਾਇਲਾਂ ਦੇ ਅਧਾਰ ਤੇ ਆਪਣੀ ਥਾਂ ਬਣਾਈ ਅਤੇ ਇੰਟਰ ਕਾਲਜ ਮੁਕਾਬਲਿਆਂ ਵਿੱਚ ਵਿਅਕਤੀਗਤ ਅਤੇ ਟੀਮ ਦੇ ਤੌਰ ਤੇ ਮੈਡਲ ਪ੍ਰਾਪਤ ਕੀਤੇ। ਉਸਨੇ ਐਸ ਜੀ ਐਫ ਆਈ ਦੇ ਟਰਾਇਲਾਂ ਵਿਚ ਆਪਣੀ ਮਿਹਨਤ ਸਦਕਾ 50 ਮੀਟਰ ਈਵੈਂਟ ਵਿੱਚ ਤੀਸਰੇ ਸਥਾਨ ਤੇ ਰਹਿ ਕੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਆਪਣੀ ਥਾਂ ਬਣਾਈ।ਅਤੇ ਆਪਣੀ ਪੋਤਰੀ ਦੀ ਇਸ ਜਿੱਤ ਤੇ ਦਾਦਾ ਰਣਜੀਤ ਸਿੰਘ ਅਤੇ ਦਾਦੀ ਬਲਜੀਤ ਕੌਰ ਦਾ ਪੈਰ ਧਰਤੀ ਤੇ ਨਹੀਂ ਲੱਗ ਰਿਹਾ , ਉਹਨਾਂ ਦਾ ਕਹਿਣਾ ਹੈ ਕਿ ਸਮਾਜ ਕੁੜੀਆਂ ਨੂੰ ਜਿੱਥੇ ਬੋਝ ਸਮਝ ਰਿਹਾ ਹੈ ,ਉਥੇ ਹੀ ਅਸੀਂ ਆਪਣੀ ਪੋਤਰੀ ਤੇ ਮਾਣ ਮਹਿਸੂਸ ਕਰ ਰਹੇ ਹਾਂ।
ਇਸ ਪ੍ਰਾਪਤੀ ਲਈ ਜਿੱਥੇ ਬੇਟੀ ਦੀ ਮਿਹਨਤ ਨੇ ਰੰਗ ਲਿਆਂਦਾ, ਉਥੇ ਹੀ ਸ੍ਰ ਅਵਤਾਰ ਸਿੰਘ ਸੇਖੋਂ ਦੀ ਪਿਛਲੇ ਛੇ ਸੱਤ ਸਾਲ ਦੀ ਮਿਹਨਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੇਖੋਂ ਪਰਿਵਾਰ ,ਸਮਾਜ ਲਈ ਇੱਕ ਮਿਸਾਲ ਹੈ ਜਿੰਨਾਂ ਨੇ ਬੇਟੀ ਨੂੰ ਸਾਰੀਆਂ ਸਹੂਲਤਾਂ ਦੇ ਕੇ ਵਰਲਡ ਚੈਂਪੀਅਨਸ਼ਿਪ ਦੇ ਸਫ਼ਰ ਤੱਕ ਆਉਣ ਤੱਕ ਬੇਟੀ ਨੂੰ ਕੋਈ ਔਖ ਨਹੀ ਆਉਣ ਦਿੱਤੀ।
ਨਿਸ਼ਾਨੇਬਾਜ਼ੀ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ ਕਿ ਨਵਦੀਪ ਕੌਰ ਬੋੜਾਵਾਲ ਨਿਸ਼ਾਨੇਬਾਜ਼ੀ ਵਿੱਚ ਮੈਡਲ ਪ੍ਰਾਪਤ ਕਰਕੇ ਜਿੱਥੇ ਸੇਖੋਂ ਪਰਿਵਾਰ ਦਾ ਨਾਮ ਉਚਾ ਕੀਤਾ, ਉਥੇ ਹੋਰਨਾਂ ਧੀਆਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਹੈ।