ਜੇ ਸਰਕਾਰ ਨੇ 85ਵੀਂ ਸੋਧ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੱਟ ਕੇ ਵਿਰੋਧ ਕਰਾਂਗੇ: ਫੈਡਰੇਸ਼ਨ
ਮੁਹਾਲੀ, 23 ਸਤੰਬਰ:
ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਆਗੂਆਂ ਸੁਖਬੀਰ ਇੰਦਰ ਸਿੰਘ, ਪ੍ਰਭਜੀਤ ਸਿੰਘ, ਅਰੁਣ ਕੁਮਾਰ ਅੰਚਲ, ਜਸਵੀਰ ਸਿੰਘ ਗੜਾਂਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਸੋਚ ਵਿਚਾਰ ਤੋਂ ਪੰਜਾਬ ਵਿੱਚ 85ਵੀਂ ਸੋਧ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਅੱਜ ਇੱਥੇ ਜਾਰੀ ਸਾਂਝੇ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਵਿਭਾਗਾਂ ਦੇ ਵੱਖ-ਵੱਖ ਕਾਡਰਾਂ ਦਾ ਜੇਕਰ ਡਾਟਾ ਦੇਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਜੋਕੇ ਸਮੇਂ ਵਿੱਚ ਤਾਂ ਤਰੱਕੀਆਂ ਵਿੱਚ ਰਾਖਵੇਂਕਰਨ ਦੀ ਲੋੜ ਨਹੀਂ ਹੈ ਕਿਉਂਕਿ ਰਾਖਵਾਂਕਰਨ ਦੇਣ ਤੋਂ ਬਿਨਾਂ ਵੀ ਅਨੁਸੂਚਿਤ ਜਾਤੀ ਦੇ ਕਰਮਚਾਰੀ ਕੋਟੇ ਨਾਲੋਂ ਕਿਤੇ ਵੱਧ ਜਾਂਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਕੱਲ੍ਹ ਅਨੁਸੂਚਿਤ ਜਾਤੀ ਦੇ ਕਰਮਚਾਰੀ ਮੈਰਿਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਉਹ ਸੀਨੀਆਰਤਾ ਵਿੱਚ ਅੱਗੇ ਆ ਜਾਂਦੇ ਹਨ ਅਤੇ ਉਨ੍ਹਾਂ ਦਾ ਤਰੱਕੀਆਂ ਵਿੱਚ ਕੋਟਾ ਵੀ ਪੂਰਾ ਹੋ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ 85ਵੀਂ ਸੋਧ ਨਾਲ ਤਾਂ ਇਨ੍ਹਾਂ ਨੂੰ ਤਰੱਕੀ ਵਿੱਚ ਸੀਨੀਆਰਤਾ ਦਾ ਲਾਭ ਵੀ ਮਿਲ ਜਾਂਦਾ ਹੈ ਜਿਸ ਨਾਲ ਕੈਟਾਗਰੀ ‘ਏ’ ਅਤੇ ‘ਬੀ’ ਵਿੱਚ ਕੋਟਾ 100 ਫੀਸਦੀ ਹੋ ਜਾਂਦਾ ਹੈ। ਇਸ ਨਾਲ ਜਨਰਲ ਵਰਗ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਰੁਕ ਜਾਂਦੀਆਂ ਹਨ ਜੋ ਜਨਰਲ ਵਰਗ ਦੇ ਕਰਮਚਾਰੀਆਂ ਨਾਲ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਵੀ 85ਵੀਂ ਸੋਧ ਲਾਗੂ ਕੀਤੀ ਸੀ ਜੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ। ਕਿਉਂਕਿ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਅਨੁਸਾਰ 85ਵੀਂ ਸੋਧ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫੈਡਰੇਸ਼ਨ ਦੀ ਨਿੱਜੀ ਸੁਣਵਾਈ ਤੋਂ ਬਿਨਾਂ ਜਨਰਲ ਵਰਗ ਵਿਰੁੱਧ ਕੋਈ ਫੈਸਲਾ ਨਾ ਲਿਆ ਜਾਵੇ।
ਆਗੂਆਂ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿੱਚ 85ਵੀਂ ਸੋਧ ਲਾਗੂ ਕੀਤੀ ਗਈ ਤਾਂ ਸ੍ਰੀ ਚਮਕੌਰ ਸਾਹਿਬ ਵਿੱਚ ਵੱਖ-ਵੱਖ ਸਮੇਂ ਰੋਸ ਮਾਰਚ ਕੀਤੇ ਜਾਣਗੇ ਅਤੇ ਪੰਜਾਬ ਵਿੱਚ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸ਼ੇਰ ਸਿੰਘ, ਯਾਦਵਿੰਦਰ ਸਿੰਘ, ਰਣਜੀਤ ਸਿੰਘ ਸਿੱਧੂ, ਕਪਿਲ ਦੇਵ ਪਰਾਸ਼ਰ ਅਤੇ ਸੁਰਿੰਦਰ ਸੈਣੀ ਵੀ ਹਾਜ਼ਰ ਸਨ।